ਜੰਮੂ-ਕਸ਼ਮੀਰ ‘ਚ ਅੱਤਵਾਦੀ ਕਰ ਰਹੇ ਨੇ ਟਾਰਗੇਟ ਕਿਲਿੰਗ

ਜੰਮੂ : ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਕੁਝ ਸਮੇਂ ਲਈ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਸੀ, ਪਰ ਤਾਜ਼ਾ ਰਿਪੋਰਟਾਂ ਮੁਤਾਬਕ ਘਾਟੀ ‘ਤੇ ਦਹਿਸ਼ਤ ਦਾ ਪਰਛਾਵਾਂ ਵਾਪਸ ਆ ਗਿਆ ਹੈ। ਜੰਮੂ-ਕਸ਼ਮੀਰ ‘ਚ ਅੱਤਵਾਦੀ ਟਾਰਗੇਟ ਕਿਲਿੰਗ ਕਰ ਰਹੇ ਹਨ।

ਤਾਜ਼ਾ ਘਟਨਾਵਾਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਘਾਟੀ ਦੇ ਵੱਖ-ਵੱਖ ਹਿੱਸਿਆਂ ਵਿੱਚ ਦੋ ਵੱਡੀਆਂ ਘਟਨਾਵਾਂ ਵਾਪਰੀਆਂ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸ਼੍ਰੀਨਗਰ ਦੇ ਬੋਹਰੀ ਕਦਲ ਇਲਾਕੇ ‘ਚ ਸੋਮਵਾਰ ਸ਼ਾਮ ਨੂੰ ਇਕ ਦੁਕਾਨ ਦੇ ਬਾਹਰ ਅੱਤਵਾਦੀ ਹਮਲਾ ਹੋਇਆ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਪੀੜਤ ਬਾਂਦੀਪੋਰਾ ਦਾ ਸੇਲਜ਼ਮੈਨ ਸੀ। ਪੇਟ ਵਿਚ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਸ਼੍ਰੀਨਗਰ ਦੇ ਸ਼੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਲਿਆਂਦਾ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਦੂਜੀ ਘਟਨਾ ਵਿਚ ਇੱਕ ਡਾਕਟਰ ਦੁਆਰਾ ਚਲਾਈ ਜਾਂਦੀ ਇੱਕ ਫਾਰਮੇਸੀ ਵਿੱਚ ਕੰਮ ਕਰਦੀ ਔਰਤ ਦੀ ਮੌਤ ਹੋ ਗਈ। ਸ੍ਰੀਨਗਰ ਪੁਲਿਸ ਨੇ ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਫੋਰਸ ਨੂੰ ਬੋਹਰੀ ਕਦਲ ਖੇਤਰ ਵਿੱਚ ਰਾਤ 8:10 ਵਜੇ ਦੇ ਕਰੀਬ ਇੱਕ “ਅੱਤਵਾਦੀ ਘਟਨਾ” ਦੀ ਸੂਚਨਾ ਮਿਲੀ। ਸੀਨੀਅਰ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਇਕ ਨਾਗਰਿਕ ਨੂੰ ਗੋਲੀ ਲੱਗੀ ਹੈ। ਇਸ ਸਬੰਧੀ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਐਤਵਾਰ ਨੂੰ ਸ਼ਹਿਰ ਦੇ ਬਟਮਾਲੂ ਇਲਾਕੇ ‘ਚ ਅੱਤਵਾਦੀਆਂ ਦੇ ਹਮਲੇ ‘ਚ ਇਕ ਪੁਲਸ ਮੁਲਾਜ਼ਮ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕਾਂਸਟੇਬਲ ਦੀ ਪਛਾਣ ਤੌਸੀਫ ਅਹਿਮਦ ਵਜੋਂ ਹੋਈ ਹੈ। ਉਸ ਨੇ ਕਿਹਾ, “ਰਾਤ ਕਰੀਬ ਅੱਠ ਵਜੇ, ਅੱਤਵਾਦੀਆਂ ਨੇ ਐਸ.ਡੀ. ਕਾਲੋਨੀ, ਬਟਾਮਾਲੂ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਕਾਂਸਟੇਬਲ ਤੌਸੀਫ਼ ਅਹਿਮਦ ‘ਤੇ ਉਨ੍ਹਾਂ ਦੀ ਰਿਹਾਇਸ਼ ਨੇੜੇ ਗੋਲੀਬਾਰੀ ਕੀਤੀ।”

ਉਨ੍ਹਾਂ ਦੱਸਿਆ ਕਿ ਗੰਭੀਰ ਰੂਪ ‘ਚ ਜ਼ਖਮੀ ਪੁਲਸ ਮੁਲਾਜ਼ਮ ਨੂੰ ਇਲਾਜ ਲਈ ਇੱਥੇ ਐੱਸਐੱਮਐੱਚਐੱਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੈਸ਼ਨਲ ਕਾਨਫਰੰਸ (ਐਨਸੀ) ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਸਮੇਤ ਕਈ ਸਿਆਸੀ ਪਾਰਟੀਆਂ ਨੇ ਹਮਲੇ ਦੀ ਨਿੰਦਾ ਕੀਤੀ ਹੈ। ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇਕੇਪੀਸੀਸੀ) ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਨੇ ਹਮਲੇ ਨੂੰ ਸ਼ਰਮਨਾਕ ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਇੱਕ ਸਭਿਅਕ ਸਮਾਜ ਵਿੱਚ ਅਸਵੀਕਾਰਨਯੋਗ ਅਤੇ ਅਤਿ ਨਿੰਦਣਯੋਗ ਹਨ।

ਮੀਰ ਨੇ “ਵਿਗੜਦੀ” ਸੁਰੱਖਿਆ ਸਥਿਤੀ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਪੁਲਿਸ ਕਰਮਚਾਰੀਆਂ ਅਤੇ ਨਾਗਰਿਕਾਂ ‘ਤੇ ਹਮਲਿਆਂ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ। ਤੁਹਾਨੂੰ ਦੱਸ ਦੇਈਏ ਕਿ ਅਰਨੀਆ ਸੈਕਟਰ ਵਿੱਚ ਸੋਮਵਾਰ ਸਵੇਰੇ 5:30 ਵਜੇ ਅਸਮਾਨ ਵਿੱਚ ਚਮਕਦੀਆਂ ਲਾਲ ਅਤੇ ਪੀਲੀਆਂ ਬੱਤੀਆਂ ਦਿਖਾਈ ਦਿੱਤੀਆਂ। ਜਿਸ ਤੋਂ ਬਾਅਦ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ। ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ‘ਚ ਮੰਗਲਵਾਰ ਨੂੰ ਹੋਏ ਗ੍ਰਨੇਡ ਹਮਲੇ ‘ਚ ਘੱਟੋ-ਘੱਟ 6 ਨਾਗਰਿਕ ਜ਼ਖਮੀ ਹੋ ਗਏ।

ਟੀਵੀ ਪੰਜਾਬ ਬਿਊਰੋ