ਟਰੂਡੋ ਦਾ ਵੱਡਾ ਬਿਆਨ, ਕਿਹਾ-ਹਰਦੀਪ ਨਿੱਝਰ ਦੀ ਹੱਤਿਆ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ

Ottawa- ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚਾਲੇ ਤਲਖ਼ੀ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਵਿਚਾਲੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਹੁਣ ਕੈਨੇਡਾ ਦੇ ਪਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵੱਡਾ ਦਿੰਦਿਆਂ ਇਸ ਹੱਤਿਆਕਾਂਡ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ।
ਟਰੂਡੋ ਨੇ ਸੋਮਵਾਰ ਨੂੰ ਹਾਊਸ ਆਫ਼ ਕਾਮਨਜ਼ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਅਤੇ ਕੈਨੇਡੀਅਨ ਨਾਗਰਕਿ ਹਰਦੀਪ ਨਿੱਝਰ ਦੀ ਹੱਤਿਆ ਵਿਚਾਲੇ ਸੰਭਾਵਿਤ ਕੜੀ ਦੇ ਦੋਸ਼ਾਂ ਦੀ ਸਰਗਰਮ ਤੌਰ ’ਤੇ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਹੱਤਿਆ ‘ਭਾਰਤ ਸਰਕਾਰ ਦੇ ਏਜੰਟਾਂ’ ਨੇ ਕੀਤੀ ਹੈ।
ਟਰੂਡੋ ਨੇ ਕਿਹਾ, ਕੈਨੇਡੀਅਨ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਵਿਦੇਸ਼ੀ ਸਰਕਾਰ ਦੀ ਕੋਈ ਵੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਦੀ ਅਸਵੀਕਾਰਨਯੋਗ ਉਲੰਘਣਾ ਹੈ। ਇਹ ਉਨ੍ਹਾਂ ਬੁਨਿਆਦੀ ਨਿਯਮਾਂ ਦੇ ਉਲਟ ਹੈ ਜਿਨ੍ਹਾਂ ਨਾਲ ਆਜ਼ਾਦ, ਖੁੱਲ੍ਹੇ ਅਤੇ ਜਮਹੂਰੀ ਸਮਾਜ ਆਪਣੇ ਆਪ ਨੂੰ ਚਲਾਉਂਦੇ ਹਨ। ਜਿਵੇਂ ਕਿ ਤੁਸੀਂ ਉਮੀਦ ਕਰੋਗੇ, ਅਸੀਂ ਇਸ ਬਹੁਤ ਗੰਭੀਰ ਮਾਮਲੇ ’ਤੇ ਆਪਣੇ ਸਹਿਯੋਗੀਆਂ ਨਾਲ ਨੇੜਿਓਂ ਕੰਮ ਕਰ ਰਹੇ ਹਾਂ ਅਤੇ ਤਾਲਮੇਲ ਕਰ ਰਹੇ ਹਾਂ।
ਟਰੂਡੋ ਨੇ ਭਾਰਤ ਸਰਕਾਰ ਨੂੰ ਚੱਲ ਰਹੀ ਜਾਂਚ ’ਚ ਹਿੱਸਾ ਲੈਣ ਅਤੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਨੇਡਾ ਨਾਲ ਸਹਿਯੋਗ ਕਰਨ ਦੀ ਪੁਰਜ਼ੋਰ ਤਰੀਕੇ ਨਾਲ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਇੰਡੋ-ਕੈਨੇਡੀਅਨਜ਼ ਇਸ ਸਮੇਂ ਗ਼ੁੱਸੇ ਹਨ ਅਤੇ ਸ਼ਾਇਦ ਡਰੇ ਹੋਏ ਮਹਿਸੂਸ ਕਰ ਰਹੇ ਹਨ।
ਦੱਸ ਦਈਏ ਕਿ ਬੀਤੀ ਹਰਦੀਪ ਸਿੰਘ ਨਿੱਝਰ ਦੀ ਬੀਤੀ 18 ਜੂਨ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।