ਨਵੀਂ ਦਿੱਲੀ : ਅੱਜ ਕਰੋੜਾਂ ਭਾਰਤੀ ਖੇਡ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਪੀਵੀ ਸਿੰਧੂ ਅਤੇ ਚੀਨੀ ਤਾਈਪੇ ਦੀ ਤਾਈ ਜ਼ੂ-ਯਿੰਗ ਦੇ ਸੈਮੀਫਾਈਨਲ ਮੈਚ ‘ਤੇ ਟਿਕੀਆਂ ਹੋਈਆਂ ਹਨ। ਪਿਛਲੇ ਮੈਚ ਵਿਚ ਸਿੰਧੂ ਨੇ ਜਿਸ ਤਰੀਕੇ ਨਾਲ ਜਾਪਾਨੀ ਖਿਡਾਰਨ ਨੂੰ ਇਕਤਰਫਾ ਹਰਾਇਆ, ਉਸ ਨੇ ਭਾਰਤੀਆਂ ਦੀਆਂ ਉਮੀਦਾਂ ਨੂੰ ਬਹੁਤ ਵਧਾ ਦਿੱਤਾ ਹੈ।
ਇਹ ਵੀ ਸੱਚ ਹੈ ਕਿ ਵਿਸ਼ਵ ਦੀ ਨੰਬਰ 2 ਰੈਂਕਿੰਗ ਪ੍ਰਾਪਤ ਸ਼ੂ ਯਿੰਗ ਦੇ ਵਿਰੁੱਧ 6 ਵੇਂ ਨੰਬਰ ਦੀ ਸਿੰਧੂ ਲਈ ਇਹ ਮੈਚ ਸੌਖਾ ਨਹੀਂ ਪਰ ਪੀਵੀ ਸਿੰਧੂ ਦੇ ਰਵੱਈਏ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਕੁਝ ਵੀ ਹੋ ਸਕਦਾ ਹੈ। ਜੇਕਰ ਸਿੰਧੂ ਅੱਜ ਜਿੱਤ ਦਰਜ ਕਰਦੀ ਹੈ, ਤਾਂ ਭਾਰਤ ਮਹਾਂ ਕੁੰਭ ਵਿਚ ਇਕ ਹੋਰ ਤਮਗਾ ਪੱਕਾ ਕਰ ਲਵੇਗਾ ਅਤੇ ਇਸ ਦੇ ਨਾਲ, ਪੀਵੀ ਸਿੰਧੂ ਭਾਰਤੀ ਓਲੰਪਿਕ ਇਤਿਹਾਸ ਦੀ ਇਕਲੌਤੀ ਖਿਡਾਰੀ ਬਣ ਜਾਵੇਗੀ ਜਿਸਨੇ ਵਿਅਕਤੀਗਤ ਮੁਕਾਬਲੇ ਵਿਚ ਦੋ ਚਾਂਦੀ ਦੇ ਤਗਮੇ ਜਿੱਤੇ।
ਸਿੰਧੂ ਨੇ ਰੀਓ ਓਲੰਪਿਕ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸੁਸ਼ੀਲ ਕੁਮਾਰ ਇਕਲੌਤੇ ਅਜਿਹੇ ਖਿਡਾਰੀ ਰਹੇ ਹਨ ਜਿਨ੍ਹਾਂ ਦਾ ਓਲੰਪਿਕਸ ਵਿਚ ਵਿਅਕਤੀਗਤ ਮੁਕਾਬਲੇ ਵਿਚ ਦੋ ਮੈਡਲ ਜਿੱਤਣ ਦਾ ਰਿਕਾਰਡ ਹੈ। ਸੁਸ਼ੀਲ ਨੇ 2008 ਵਿਚ ਬੀਜਿੰਗ ਵਿਚ 66 ਕਿਲੋਗ੍ਰਾਮ ਭਾਰ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ, ਅਤੇ 2012 ਵਿਚ ਲੰਡਨ ਵਿਚ ਇਸੇ ਸ਼੍ਰੇਣੀ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਟੀਵੀ ਪੰਜਾਬ ਬਿਊਰੋ