ਭਾਜਪਾ – ਅਕਾਲੀ ਗਠਜੋੜ ਬਾਬਤ ਅਜੇ ਕੋਈ ਜਾਣਕਾਰੀ ਨਹੀਂ-ਜਾਖੜ

ਡੈਸਕ- ਬੀ ਜੇ ਪੀ ਹਾਈਕਮਾਂਡ ਨੇ ਮੈਨੂੰ ਪਾਰਟੀ ਦਾ ਸੂਬਾ ਪ੍ਰਧਾਨ, ਪਾਰਟੀ ਨੂੰ ਪੂਰੇ ਪੰਜਾਬ ਵਿਚ ਮਜ਼ਬੂਤ ਕਰਨ ਲਈ ਲਾਇਆ ਹੈ। ਅਕਾਲੀ ਦਲ ਨਾਲ ਗਠਜੋੜ ਬਾਰੇ ਉਨ੍ਹਾਂ ਸਾਫ਼ ਕਿਹਾ ਕਿ ਅਜੇ ਕੋਈ ਗੱਲਬਾਤ ਮੇਰੇ ਨਾਲ ਨਹੀਂ ਚਲੀ, ਜਦੋਂ ਹਾਈਕਮਾਂਡ ਪੁਛੇਗੀ ਤਾਂ ਮੈਂ ਅਪਣੀ ਰਾਏ ਜ਼ਰੂਰ ਦੇਵਾਂਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਚੈਨਲ ਤੇ ਵਿਚਾਰ ਤਕਰਾਰ ਦੌਰਾਨ ਕੀਤੇ ਸਵਾਲਾਂ ਦੇ ਜਵਾਬ ਵਿਚ ਪ੍ਰਗਟ ਕੀਤੇ।

ਕਾਂਗਰਸ ਪਾਰਟੀ ਵਿਚ ਵੱਡੇ ਅਹੁਦਿਆਂ ਦਾ ਅਨੰਦ ਮਾਣਨ ਤੋਂ ਬਾਅਦ ਪਾਰਟੀ ਛੱਡਣ ਦੇ ਕਾਰਨ ਤੇ ਉਨ੍ਹਾਂ ਕਿਹਾ ਕਿ ਚੰਗੇ ਕਾਂਗਰਸੀਆਂ ਦੀ ਬਹੁਤਾਤ ਉਨ੍ਹਾਂ ਨਾਲ ਸੀ ਤੇ ਅੱਜ ਵੀ ਸਾਡੇ ਨਾਲ ਹਨ। ਜਦੋਂ ਹਾਈਕਮਾਂਡ ਗੁਮਰਾਹ ਹੋ ਕੇ ਇਕਤਰਫ਼ੇ ਫ਼ੈਸਲੇ ਲੈਣੇ ਸ਼ੁਰੂ ਕੀਤੇ ਤਾਂ ਹੋਰ ਜ਼ਲਾਲਤ ਬਰਦਾਸ਼ਤ ਨਾ ਕਰਦਿਆਂ ਪਾਰਟੀ ਛੱਡ ਦਿਤੀ। ਹਿੰਦੂ ਰਾਸ਼ਟਰ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਸਾਰੇ ਮਜ਼੍ਹਬਾਂ ਵਿਚ ਹੀ ਕੁੱਝ ਕੱਟੜਪੰਥੀ ਹੁੰਦੇ ਹਨ, ਅਜਿਹੇ ਕੁੱਝ ਕੱਟੜ ਪੰਥੀ ਲੋਕ ਬੀ ਜੇ ਪੀ ਵਿਚ ਵੀ ਹਨ, ਜੋ ਸਨਾਤਨ ਧਰਮ ਦੀ ਵਕਾਲਤ ਕਰਦੇ ਹਨ।

ਕਾਨੂੰਨ ਵਿਵਿਸਥਾ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਭਾਰਤ ਵਿਚ ਜੇਕਰ ਸੱਭ ਤੋਂ ਵੱਧ ਸਰਕੂਲਰ ਸਟੇਟ ਹੈ ਤਾਂ ਉਹ ਪੰਜਾਬ ਹੈ। ਇੰਡੀਆ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵਜ਼ੂਦ ਦੇਸ਼ ਵਿਚ ਪਹਿਲਾਂ ਹੀ ਬਹੁਤ ਘੱਟ ਚੁਕਾ ਹੈ, ਹੁਣ ਇਸ ਸਮਝੌਤੇ ਨਾਲ ਪੰਜਾਬ, ਰਾਜਸਥਾਨ ਵਰਗੀਆਂ ਸਟੇਟਾਂ ਵਿਚ ਢਾਹ ਲਗੇਗੀ। ਇੰਡੀਆ ਗਠਜੋੜ ਅਨੁਸਾਰ ਕੀ ‘ਆਪ’ ਅਤੇ ਕਾਂਗਰਸ ਇਕੱਠੇ ਚੋਣ ਲੜ ਸਕਦੇ ਹਨ? ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ ਪੁਲਿਸ ਅਤੇ ਚੋਰ ਰਲਣ ਜਾ ਰਹੇ ਹਨ। ਜਦੋਂ ਕਿ ਪੰਜਾਬ ਦੇ ਕਾਂਗਰਸੀ ਆਗੂ ਜੋ ਅੜੇ, ਉਹ ਝੜਨੇ ਸ਼ੁਰੂ ਹੋ ਚੁਕੇ ਹਨ ਤੇ ਜਿਨ੍ਹਾਂ ਵੱਡੇ ਲੀਡਰਾਂ ਨੇ ਸਰਕਾਰ ਅੱਗੇ ਗੋਡੇ ਟੇਕ ਦਿਤੇ, ਹਾਲੇ ਉਹੀ ਬਚੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਹੁੰਦਿਆਂ ਸਿੱਖੀ ਪ੍ਰਤੀ ਚੰਗੀ ਜਾਣਕਾਰੀ ਰਖਦਿਆਂ ਸੁਨੀਲ ਜਾਖੜ ਦਾ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹਮੇਸ਼ਾ 36 ਦਾ ਅੰਕੜਾ ਰਿਹਾ। ਇਸ ਲਈ ਟੀ ਵੀ ਐਂਕਰ ਵਲੋਂ ਅਕਾਲੀ ਭਾਜਪਾ ਗਠਜੋੜ ਬਾਰੇ ਦਿਲੋਂ ਕੀ ਸੋਚਦੇ ਹੋ ਤੇ ਉਨ੍ਹਾਂ ਕਿਹਾ ਕਿ ਲੋਕ ਤਾਂ ਅੱਜ ਤੁਹਾਡੇ ਨਾਲ ਪੀ ਟੀ ਸੀ ਤੇ ਬੈਠਾ ਦੇਖ, ਅਜਿਹੀਆਂ ਕਿਆਸਅਰਾਈਆਂ ਲਾਉਣ ਲੱਗ ਪਏ ਹੋਣਗੇ, ਪਰ ਮੈਂ ਸਿਰਫ਼ ਤੁਹਾਡੇ ਪ੍ਰੋਗਰਾਮ ਦਾ ਨਾਮ ਵਿਚਾਰ, ਤਕਰਾਰ ਹੈ, ਨੂੰ ਮੁੱਖ ਰੱਖ ਕੇ ਹੀ ਆਇਆਂ ਹਾਂ।