Sacramento- ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਬੀਤੀ ਸ਼ਾਮ ਹਵਾ ’ਚ ਦੋ ਹੈਲੀਕਾਪਟਰ ਆਪਸ ’ਚ ਟਕਰਾਅ ਗਏ। ਇਸ ਹਾਦਸੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਐਤਵਾਰ ਸ਼ਾਮੀਂ ਉਸ ਵੇਲੇ ਵਾਪਰਿਆ, ਜਦੋਂ ਅੱਗ ਬੁਝਾਊ ਅਮਲੇ ਨੂੰ ਕਾਬਾਜ਼ੋਨ ਰਿਵਰਸਾਈਡ ਕਾਊਂਟੀ ਨੇੜੇ ਅੱਗ ਬੁਝਾਉਣ ਲਈ ਸੱਦਿਆ ਗਿਆ। ਇਸ ਦੌਰਾਨ ਜਦੋਂ ਦੋਵੇਂ ਹੈਲੀਕਾਪਟਰ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹ ਆਪਸ ’ਚ ਟਕਰਾਅ ਗਏ। ਹਾਦਸੇ ਤੋਂ ਬਾਅਦ ਇੱਕ ਹੈਲੀਕਾਪਟਰ ਤਾਂ ਸੁਰੱਖਿਅਤ ਢੰਗ ਨਾਲ ਜ਼ਮੀਨ ’ਤੇ ਉਤਰ ਗਿਆ, ਜਦਕਿ ਦੂਜਾ ਜ਼ਮੀਨ ਨਾਲ ਟਕਰਾਅ ਗਿਆ, ਜਿਸ ਕਾਰਨ ਇਸ ’ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਏ।
ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤਾਂ ਦੀ ਪਹਿਚਾਣ ਸੂਬੇ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ (ਕੈਲ ਫਾਇਰ) ਦੇ ਫਾਇਰ ਕਪਤਾਨ ਤੇ ਡਿਵੀਜ਼ਨ ਮੁਖੀ ਦੇ ਨਾਲ-ਨਾਲ ਇੱਕ ਠੇਕੇ ਦੇ ਪਾਇਲਟ ਵਜੋਂ ਹੋਈ ਹੈ। ਹਾਲਾਂਕਿ ਉਨ੍ਹਾਂ ਦੇ ਨਾਂ ਅਜੇ ਜਨਤਕ ਨਹੀਂ ਕੀਤੇ ਗਏ ਹਨ। ਕੈਲ ਫਾਇਰ ਦੇ ਦੱਖਣੀ ਖੇਤਰ ਦੇ ਮੁਖੀ ਡੇਵਿਡ ਫੁਲਚਰ ਨੇ ਇਸ ਘਟਨਾ ਨੂੰ ‘ਦੁਖਦਾਈ ਨੁਕਸਾਨ’ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਸ ਹਾਦਸੇ ’ਚ ਤਿੰਨ ਮਹਾਨ ਵਿਅਕਤੀਆਂ ਨੂੰ ਗੁਆ ਲਿਆ ਹੈ। ਫੁਲਚਰ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਅੱਗ ਸ਼ੁਰੂ ’ਚ ਇੱਕ ਇਮਾਰਤ ’ਚ ਲੱਗੀ, ਜਿਸ ਨੇ ਥੋੜ੍ਹੇ ਸਮੇਂ ’ਚ ਆਲੇ-ਦੁਆਲੇ ਇਲਾਕੇ ਨੂੰ ਆਪਣੀ ਲਪੇਟ ’ਚ ਲੈ ਲਿਆ। ਕਾਫ਼ੀ ਮਸ਼ੱਕਤ ਤੋਂ ਬਾਅਦ ਅਖ਼ੀਰ ਅੱਗ ਨੂੰ ਕਾਬੂ ਹੇਠ ਕਰ ਹੀ ਲਿਆ ਗਿਆ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ ਬੈੱਲ ਹੈਲੀਕਾਪਟਰ ਸੀ, ਜਿਸ ਦੀ ਵਰਤੋਂ ਨਿਗਰਾਨੀ ਲਈ ਕੀਤੀ ਜਾ ਰਹੀ ਸੀ। ਉੱਥੇ ਹੀ ਜਿਹੜਾ ਹੈਲੀਕਾਪਟਰ ਇਸ ਹਾਦਸੇ ਦੌਰਾਨ ਸੁਰੱਖਿਅਤ ਲੈਂਡ ਕਰ ਗਿਆ, ਉਹ ਸੀਕੋਰਸਕੀ ਸਕਾਈਕ੍ਰੇਨ ਸੀ, ਜਿਹੜਾ ਕਿ ਆਮ ਤੌਰ ’ਤੇ ਅੱਗ ਰੋਕੂ ਜਾਂ ਪਾਣੀ ਨੂੰ ਲੈ ਕੇ ਜਾਂਜਾ ਹੈ। ਦੋਹਾਂ ਨੇ ਕੈਲ ਫਾਇਰ ਨਾਲ ਸਮਝੌਤਾ ਕੀਤਾ ਸੀ।