ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਵਿਚ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂ ‘ਤੇ ਬਾਗ਼ ਵਿਚਲੇ ਇਤਿਹਾਸਕ ਢਾਂਚਿਆਂ ਦੀ ਦਿੱਖ ਵਿਚ ਕੀਤੇ ਫੇਰਬਦਲ ਦੇ ਵਿਰੋਧ ਵਿਚ ਸੂਬੇ ਦੀਆਂ ਵੱਖ – ਵੱਖ ਜਥੇਬੰਦੀਆਂ, ਸਾਕੇ ਦੇ ਸ਼ਹੀਦਾਂ ਦੇ ਵਾਰਸ ਅਤੇ ਹਜ਼ੂਰੀ ਰਾਗੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਦੇ ਮੱਦੇਨਜ਼ਰ ਪੁਲਿਸ ਨੇ ਬਾਗ਼ ਵਲ ਜਾਣ ਵਾਲੇ ਰਸਤਿਆਂ ‘ਤੇ ਰੋਕ ਲਗਾ ਦਿੱਤੀ ਹੈ ਅਤੇ ਜਲ੍ਹਿਆਂਵਾਲਾ ਬਾਗ਼ ਦਾ ਆਲਾ ਦੁਆਲਾ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਵੀ ਜੱਲ੍ਹਿਆਂਵਾਲਾ ਬਾਗ ਦੇ ਇਤਿਹਾਸ ਨਾਲ ਛੇੜਛਾੜ ਹੋਣ ਦੀ ਗੱਲ ਕੀਤੀ ਸੀ।
ਸ਼ਹੀਦੀ ਯਾਦਗਾਰ ਦਾ ਦੌਰਾ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੋ. ਚਾਵਲਾ ਨੇ ਦੋਸ਼ ਲਾਇਆ ਕਿ ਨਵੀਨੀਕਰਨ ਦੌਰਾਨ ਇਸ ਦੇ ਮੂਲ ਸਰੂਪ ਨਾਲ ਛੇੜਖਾਨੀ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਸੀ ਕਿ ਜੱਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਨੂੰ ਬਹਾਲ ਕੀਤਾ ਜਾਵੇ।
ਟੀਵੀ ਪੰਜਾਬ ਬਿਊਰੋ