ਰੂਪਨਗਰ – ਪੰਜਾਬ ਪੁਲਿਸ ਚਾਹੇ ਸੂਬੇ ਚ ਕਰਾਇਮ ਕੰਟਰੋਲ ਕਰਨ ਦੇ ਜਿੰਨੇ ਵੀ ਦਾਅਵੇ ਕਰ ਲਵੇ ਪਰ ਰੋਜ਼ਾਨਾ ਹੋ ਰਹੀਆਂ ਘਟਨਾਵਾਂ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ ਰਹੀਆਂ ਹਨ । ਖਬਰ ਰੂਪਨਗਰ ਦੇ ਪਾਵਰ ਕਲੋਨੀ ਦੀ ਹੈ ਜਿੱਥੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਹੋਣ ਦੀ ਖਬਰ ਮਿਲੀ ਹੈ ।ਕਤਲ ਦੋ ਤਿੰਨ ਦਿਨ ਪਹਿਲਾਂ ਹੋਏ ਜਾਪ ਰਹੇ ਨੇ ।ਕਿਉਂਕਿ ਇਹ ਖੁਲਾਸਾ ਉਦੋਂ ਹੋਇਆ ਜਦੋਂ ਗੁਆਂਢੀਆਂ ਨੂੰ ਘਰ ਤੋਂ ਬਦਬੂ ਆਉਣੀ ਸ਼ੁਰੂ ਹੋਈ । ਘਟਨਾ ਤੋਂ ਬਾਅਦ ਇਲਾਕੇ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।
ਮਿਲੀ ਜਾਣਕਾਰੀ ਮੁਤਾਬਿਕ ਪਾਵਰਕਾਮ ਸਕੂਲ ਦੇ ਰਿਟਾਇਰਡ ਅਧਿਆਪਕ ਹਰਚਰਨ ਸਿੰਘ ਇੱਥੇ ਪਰਿਵਾਰ ਸਮੇਤ ਰਹਿੰਦੇ ਸਨ । ਪਤਨੀ ਪਰਮਜੀਤ ਦੇ ਨਾਲ ਦੋ ਬੇਟਾ ਬੇਟੀ ਚਰਨਪ੍ਰੀਤ ਕੌਰ ਅਤੇ ਪ੍ਰਭਜੋਤ ਦੇ ਨਾਲ ਲੰਮੇ ਸਮੇਂ ਤੋਂ ਉਹ ਇਸ ਇਲਾਕੇ ਦੇ ਵਸਨੀਕ ਸਨ । ਲੋਕ ਉਸ ਵੇਲੇ ਹੈਰਾਨ ਹੋ ਗਏ ਜਦੋਂ ਪੁਲਿਸ ਨੇ ਘਰ ਦੇ ਅੰਦਰੋਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ । ਇਲਾਕਾ ਵਾਸੀਆਂ ਮੁਤਾਬਿਕ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ । ਹਰ ਕੋਈ ਕਤਲਾਂ ਨੂੰ ਲੈ ਕੇ ਹੈਰਾਨ ਹੈ ।ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਜਿਲ੍ਹਾ ਪੁਲਿਸ ਮੁਖੀ ਸੰਦੀਪ ਗਰਗ ਮੁਤਾਬਿਕ ਪੁਲਿਸ ਲੁੱਟ ਦੇ ਨਾਲ ਹੋਰ ਵੱਖ ਵਖ ਐਂਗਲਾਂ ਤੋਂ ਇਸ ਕਤਲ ਕਾਂਡ ਦੀ ਜਾਂਚ ਕਰ ਰਹੀ ਹੈ । ਇੱਕ ਮਾਮਲਾ ਕਰੀਬ ਤਿੰਨ ਦਿਨ ਪੁਰਾਣਾ ਜਾਪ ਰਿਹਾ ਹੈ ,ਦੂਜਾ ਕਤਲ ਤੋਂ ਬਾਅਦ ਮ੍ਰਿਤਕ ਪਰਿਵਾਰ ਦਾ ਬੇਟਾ ਪ੍ਰਭਜੋਤ ਸਿੰਘ ਗਾਇਬ ਹੈ । ਉਸਦਾ ਮੋਬਾਇਲ ਵੀ ਬੰਦ ਆ ਰਿਹਾ ਹੈ । ਪੁਲਿਸ ਮੁਤਾਬਿਕ ਅਜੇ ਕੁੱਝ ਕਹਿਣਾ ਜਲਦਬਾਜ਼ੀ ਹੋਵੇਗੀ ,ਪਰ ਜਲਦ ਹੀ ਕੇਸ ਨੂੰ ਸੁਲਝਾ ਲਿਆ ਜਾਵੇਗਾ ।
ਓਧਰ ਵਿਰੋਧੀ ਧਿਰ ਕਾਂਗਰਸ ਨੇ ਇੱਕ ਵਾਰ ਫਿਰ ਸੂਬੇ ਦੀ ਕਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਹਨ । ਸਾਬਕਾ ਮੰਤਰੀ ਪਰਗਟ ਸਿੰਘ ਨੇ ਟਵੀਟ ਕਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਨਿਟ ‘ਤੇ ਸਵਾਲ ਖੜੇ ਕੀਤੇ ਹਨ ।