Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਨਾਜ਼ੀ ਯੂਨਿਟ ’ਚ ਤਾਇਨਾਤ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ’ਚ ਰੱਖੇ ਗਏ ਸੰਸਦੀ ਸਮਾਗਮ ’ਚ ਬੁਲਾਉਣ ਦਾ ਫ਼ੈਸਲਾ ਬੇਹੱਦ ਸ਼ਰਮਨਾਕ ਸੀ। ਦਰਅਸਲ ਯੂਕਰੇਨੀ ਰਾਸ਼ਟਰਪਤੀ ਦਾ ਕੈਨੇਡੀਅਨ ਪਾਰਲੀਮੈਂਟ ’ਚ ਸੰਬੋਧਨ ਸੁਣਨ ਲਈ ਸਪੀਕਰ ਨੇ 98 ਸਾਲ ਦੇ ਯੈਰੋਸਲੈਵ ਹੁੰਕਾ ਨੂੰ ਵੀ ਸੱਦਾ ਦਿੱਤਾ ਸੀ। ਹੁੰਕਾ ਇਕ ਯੂਕਰੇਨੀ ਕੈਨੇਡੀਅਨ ਹੈ ਅਤੇ ਉਹ ਦੂਸਰੇ ਵਿਸ਼ਵ ਯੁੱਧ ਦੌਰਾਨ ਇੱਕ ਸੈਨਿਕ ਵਜੋਂ ਨਾਜ਼ੀਆਂ ਨਾਲ ਜੁੜੇ ਯੂਨਿਟ ’ਚ ਤਾਇਨਾਤ ਸੀ। ਪਾਰਲੀਮੈਂਟ ’ਚ ਸਮਾਗਮ ਦੌਰਾਨ ਐਂਥਨੀ ਨੇ ਹੁੰਕਾ ਨੂੰ ਯੂਕਰੇਨੀ ਹੀਰੋ ਅਤੇ ਕੈਨੇਡੀਅਨ ਹੀਰੋ ਵੀ ਆਖਿਆ, ਜਿਸ ਮਗਰੋਂ ਲੋਕ ਉਸ ਦੇ ਸਨਮਾਨ ’ਚ ਖੜ੍ਹੇ ਹੋ ਗਏ।
ਇਸ ਪੂਰੇ ਵਿਵਾਦ ’ਤੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਟਰੂਡੋ ਨੇ ਕਿਹਾ ਕਿ, ਇਹ ਬਹੁਤ ਹੀ ਦੁਖਦਾਈ ਹੈ ਕਿ ਅਜਿਹਾ ਹੋਇਆ। ਸਪੀਕਰ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਮੁਆਫੀ ਮੰਗੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕੁਝ ਅਜਿਹਾ ਹੈ ਜੋ ਕੈਨੇਡਾ ਦੀ ਪਾਰਲੀਮੈਂਟ ਲਈ ਅਤੇ ਸਾਰੇ ਕੈਨੇਡੀਅਨਾਂ ਲਈ ਬਹੁਤ ਸ਼ਰਮਨਾਕ ਹੈ।
ਇਸ ਦੇ ਨਾਲ ਹੀ ਟਰੂਡੋ ਨੇ ਇਸ ਗੱਲ ਦੀ ਚਿਤਾਵਨੀ ਦਿੱਤੀ ਕਿ ਇਹ ਘਟਨਾ ਰੂਸੀ ਦੁਸ਼ਟ ਪ੍ਰਚਾਰ ਨੂੰ ਵਧਾ ਸਕਦੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾਅਵਾ ਕਰਦੇ ਰਹੇ ਹਨ ਕਿ ਕਿ ਯੂਕਰੇਨ ਸੰਘਰਸ਼ ਦਰਅਸਲ ਨਾਜ਼ੀਆਂ ਨੂੰ ਜੜ੍ਹੋਂ ਪੁੱਟਣ ਬਾਰੇ ਹੈ। ਸੋਮਵਾਰ ਨੂੰ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ‘ਤੇ ਸਪੀਕਰ ਨੇ ਸੰਸਦ ਮੈਂਬਰਾਂ ਤੋਂ ਮੁਆਫ਼ੀ ਵੀ ਮੰਗੀ। ਐਂਥਨੀ ਨੇ ਕਿਹਾ, ਮੈਨੂੰ ਬਹੁਤ ਅਫ਼ਸੋਸ ਹੈ ਕਿ ਮੈਂ ਆਪਣੀ ਹਰਕਤ ਅਤੇ ਟਿੱਪਣੀਆਂ ਨਾਲ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕੀਤਾ ਹੈ। ਇਹ ਪਹਿਲ ਪੂਰੀ ਤਰ੍ਹਾਂ ਮੇਰੀ ਆਪਣੀ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਇਰਾਦਾ ਹਾਊਸ ਨੂੰ ਸ਼ਰਮਿੰਦਾ ਕਰਨਾ ਨਹੀਂ ਸੀ।