ਮਸਜਿਦ ਗਏ ਟਰੂਡੋ ਦੇ ਵਿਰੋਧ ’ਤੇ ਲੱਗੇ ਨਾਅਰੇ

Toronto- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਜਦੋਂ ਟੋਰਾਂਟੋ ਦੀ ਇਕ ਮਸਜਿਦ ’ਚ ਆਯੋਜਿਤ ਇਕ ਸਮਾਗਮ ’ਚ ਸ਼ਿਰਕਤ ਕਰਨ ਪਹੁੰਚੇ ਤਾਂ ਉਥੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸ਼ੁੱਕਰਵਾਰ ਦੀ ਨਮਾਜ਼ ਲਈ ਮਸਜਿਦ ’ਚ ਇਕੱਠੇ ਹੋਏ ਕੁਝ ਲੋਕ ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਏ ਟਕਰਾਅ ਨੂੰ ਲੈ ਕੇ ਟਰੂਡੋ ਦੇ ਰਵੱਈਏ ਤੋਂ ਨਾਰਾਜ਼ ਸਨ ਅਤੇ ਇਸ ਲਈ ਉਨ੍ਹਾਂ ਨੇ ਨਾਅਰੇਬਾਜ਼ੀ ਕਰਕੇ ਉਨ੍ਹਾਂ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ।
ਇੰਨਾ ਹੀ ਨਹੀਂ, ਟਰੂਡੋ ’ਤੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਰੋਕਣ ’ਚ ਸਕਾਰਾਤਮਕ ਭੂਮਿਕਾ ਨਿਭਾਉਣ ਦਾ ਦਬਾਅ ਵਧ ਰਿਹਾ ਹੈ। ਹਾਲ ਹੀ ਵਿੱਚ 33 ਸੰਸਦ ਮੈਂਬਰਾਂ ਨੇ ਟਰੂਡੋ ਨੂੰ ਇੱਕ ਪੱਤਰ ਲਿਖ ਕੇ ਲੋਕਾਂ ਦੀ ਮਦਦ ਲਈ ਤੁਰੰਤ ਜੰਗਬੰਦੀ ਅਤੇ ਮਾਨਵਤਾਵਾਦੀ ਗਲਿਆਰੇ ਲਈ ਯਤਨ ਕਰਨ ਦੀ ਬੇਨਤੀ ਕੀਤੀ ਹੈ।
ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੋਰਾਂਟੋ ਦੇ ਟੋਬੀਕੋਕ ਇਲਾਕੇ ਦੇ ਰੈਕਸਡੇਲ ਸਥਿਤ ਇੰਟਰਨੈਸ਼ਨਲ ਮੁਸਲਿਮ ਆਰਗੇਨਾਈਜੇਸ਼ਨ ਦੇ ਦਫਤਰ ਪਹੁੰਚੇ ਸਨ। ਇਸ ਨੂੰ ਲੈ ਕੇ ਕੈਨੇਡੀਅਨ ਪ੍ਰੈੱਸ ਏਜੰਸੀ ਦੇ ਹਵਾਲੇ ਨਾਲ ‘ਦਿ ਟੋਰਾਂਟੋ ਸਨ’ ਨੇ ਲਿਖਿਆ ਹੈ ਕਿ ਸ਼ੁੱਕਰਵਾਰ ਸ਼ਾਮ ਤੱਕ ਉਨ੍ਹਾਂ ਦੇ ਦਫ਼ਤਰ ਨੇ ਉਨ੍ਹਾਂ ਦੀ ਫੇਰੀ ਬਾਰੇ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਬਾਅਦ ’ਚ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਦਾ ਮਸਜਿਦ ਜਾਣ ਦਾ ਵੀਡੀਓ ਸਾਹਮਣੇ ਆਇਆ, ਜਿਸ ’ਚ ਕਈ ਲੋਕ ਉਨ੍ਹਾਂ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ।
ਕਥਿਤ ਤੌਰ ’ਤੇ ਕੁਝ ਲੋਕਾਂ ਨੇ ਟਰੂਡੋ ਦੇ ਖਿਲਾਫ ‘ਸ਼ਰਮ ਕਰੋ’ ਦੇ ਨਾਅਰੇ ਲਗਾਏ ਅਤੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਸਟੇਜ ’ਤੇ ਬੋਲਣ ਦੀ ਆਗਿਆ ਨਾ ਦੇਣ। ਇਸ ਤੋਂ ਬਾਅਦ ਜਸਟਿਨ ਟਰੂਡੋ ਜਦੋਂ ਮਸਜਿਦ ਤੋਂ ਬਾਹਰ ਆਏ ਤਾਂ ਉੱਥੇ ਖੜ੍ਹੇ ਲੋਕਾਂ ’ਚੋਂ ਇਕ ਔਰਤ ਪੋਸਟਰ ਲੈ ਕੇ ਖੜ੍ਹੀ ਸੀ। ਪੋਸਟਰ ’ਤੇ ਲਿਖਿਆ ਸੀ- ‘ਨਸਲਕੁਸ਼ੀ ਬੰਦ ਕਰੋ’।
ਔਰਤ ਨੇ ਇਜ਼ਰਾਈਲ-ਹਮਾਸ ਸੰਘਰਸ਼ ਨੂੰ ਲੈ ਕੇ ਟਰੂਡੋ ਨੂੰ ਸਿੱਧਾ ਸਵਾਲ ਕਰਦੇ ਹੋਏ ਪੁੱਛਿਆ, ‘‘ਤੁਹਾਨੂੰ ਜੰਗਬੰਦੀ ਦੀ ਮੰਗ ਕਰਨ ਲਈ ਕਿੰਨੇ ਫਲਸਤੀਨੀ ਬੱਚਿਆਂ ਦੀ ਮੌਤ ਦੀ ਲੋੜ ਹੈ? ਤੁਹਾਨੂੰ ਕਿੰਨੀਆਂ ਹੋਰ ਲਾਸ਼ਾਂ ਦੀ ਲੋੜ ਹੈ?’’ ਪ੍ਰਧਾਨ ਮੰਤਰੀ ਟਰੂਡੋ ਦੇ ਬੁਲਾਰੇ ਮੁਹੰਮਦ ਹੁਸੈਨ ਦੇ ਅਨੁਸਾਰ, ਟਰੂਡੋ ਮੱਧ ਪੂਰਬ ਵਿੱਚ ਵਾਪਰ ਰਹੀਆਂ ਭਿਆਨਕ ਘਟਨਾਵਾਂ ਤੋਂ ਪ੍ਰਭਾਵਿਤ ਮੁਸਲਿਮ ਭਾਈਚਾਰੇ ਲਈ ਆਪਣਾ ਸਮਰਥਨ ਦਰਸਾਉਣ ਲਈ ਮਸਜਿਦ ’ਚ ਗਏ ਸਨ।
ਟਰੂਡੋ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਮਸਜਿਦ ’ਚ ਲੋਕਾਂ ਨੂੰ ਮਿਲਣ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਅਸੀਂ ਨਾਗਰਿਕਾਂ ਦੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਨ ਦੀ ਅਪੀਲ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਸੋਸ਼ਲ ਮੀਡੀਆ ’ਤੇ ਇਕ ਹੋਰ ਪੋਸਟ ’ਚ ਉਨ੍ਹਾਂ ਨੇ ਇਜ਼ਰਾਈਲ ਅਤੇ ਫਲਸਤੀਨ ਮੁੱਦੇ ਨੂੰ ਸੁਲਝਾਉਣ ਲਈ ਦੋ-ਰਾਜੀ ਹੱਲ ਦੀ ਗੱਲ ਕੀਤੀ।
ਇੰਨਾ ਹੀ ਨਹੀਂ, ਸ਼ਨੀਵਾਰ ਨੂੰ ਟਰੂਡੋ ਨੇ ਇਹ ਵੀ ਕਿਹਾ ਕਿ ਉਹ ਹਮਾਸ ਕੋਲੋਂ ਬੰਧਕਾਂ ਨੂੰ ਆਜ਼ਾਦ ਕਰਵਾਉਣ ਲਈ ਕਤਰ ਨਾਲ ਕੰਮ ਕਰਨਾ ਜਾਰੀ ਰੱਖਣਗੇ। ਸ਼ੁੱਕਰਵਾਰ ਨੂੰ ਹਮਾਸ ਨੇ ਦੋ ਬੰਧਕਾਂ (ਅਮਰੀਕੀ ਨਾਗਰਿਕਾਂ) ਨੂੰ ਰਿਹਾਅ ਕੀਤਾ, ਜਿਸ ਤੋਂ ਬਾਅਦ ਟਰੂਡੋ ਨੇ ਇਸ ਲਈ ਕਤਰ ਦਾ ਧੰਨਵਾਦ ਕੀਤਾ। ਇਨ੍ਹਾਂ ਦੋ ਔਰਤਾਂ ਨੂੰ ਹਮਾਸ ਦੇ ਲੜਾਕਿਆਂ ਨੇ 7 ਅਕਤੂਬਰ ਨੂੰ ਬੰਧਕ ਬਣਾ ਲਿਆ ਸੀ।