ਫੇਰਬਦਲ ਤੋਂ ਬਾਅਦ ਟਰੂਡੋ ਕੈਬਨਿਟ ਦੀ ਪਹਿਲੀ ਬੈਠਕਕ

Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਪਿ੍ਰੰਸ ਐਡਵਰਡ ਆਈਲੈਂਡ ’ਚ ਹੋਣ ਵਾਲੀ ਤਿੰਨ ਦਿਨਾਂ ਫੈਡਰਲ ਕੈਬਨਿਟ ਦੀ ਬੈਠਕ ਆਰਥਿਕਤਾ ਅਤੇ ਸਮਰੱਥਾ ਦੇ ਮੁੱਦਿਆਂ ’ਤੇ ਕੇਂਦਰਿਤ ਹੋਵੇਗੀ। ਇਹ ਬੈਠਕ 21 ਅਗਸਤ ਤੋਂ 23 ਅਗਸਤ ਤੱਕ ਸ਼ਾਰਲੈਟਟਾਊਨ ’ਚ ਹੋਵੇਗੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਵਲੋਂ ਕੈਬਨਿਟ ’ਚ ਕੀਤੇ ਗਏ ਵੱਡੇ ਫੇਰਬਦਲ ਮਗਰੋਂ ਇਹ ਬੈਠਕ ਹੋਣ ਜਾ ਰਹੀ ਹੈ। ਆਗਾਮੀ ਫੈਡਰਲ ਚੋਣਾਂ ਤੋਂ ਪਹਿਲਾਂ ਕੈਨੇਡੀਅਨ ਲੋਕਾਂ ਨਾਲ ਬਿਹਤਰ ਸੰਚਾਰ ਕਰਨ ਅਤੇ ਹੋਰ ਮੁੱਦਿਆਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਆਪਣੀ ਕੈਬਨਿਟ ’ਚ ਵਧੇਰੇ ਕਰਕੇ ਨਵੇਂ ਚਿਹਰਿਆਂ ਨੂੰ ਸ਼ਾਮਿਲ ਕੀਤਾ ਸੀ। ਗਰਮੀਆਂ ਦੀਆਂ ਛੁੱਟੀਆਂ ਮਗਰੋਂ ਸੰਸਦ ਮੈਂਬਰਾਂ ਨੇ 18 ਸਤੰਬਰ ਨੂੰ ਹਾਊਸ ਆਫ਼ ਕਾਮਨਜ਼ ’ਚ ਵਾਪਸ ਪਰਤਣਾ ਹੈ।
ਇਸ ਸੰਬੰਧੀ ਇੱਕ ਬਿਆਨ ’ਚ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਬੈਠਕ ’ਚ ਵਧੇਰੇ ਰਿਹਾਇਸ਼ ਬਣਾਉਣ, ਸਿਹਤ ਸੰਭਾਲ ’ਚ ਸੁਧਾਰ ਅਤੇ ਜਲਵਾਯੂ ਤਬਦੀਲੀ ਨਾਲ ਲੜਨ ਵਰਗੇ ਮੁੱਦਿਆਂ ’ਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਨ੍ਹਾਂ ਨੇ ਅਜਿਹੇ ਮੁੱਦਿਆਂ ’ਤੇ ਕੈਨੇਡੀਅਨਾਂ ਦੇ ਵਿਚਾਰ ਸੁਣੇ ਹਨ ਅਤੇ ਉਹ ਇਨ੍ਹਾਂ ਨੂੰ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।