ਅਲਬਰਟਾ ਦੀ ਨੈਸ਼ਨਲ ਪਾਰਕ ’ਚ ਰਿੱਛ ਵਲੋਂ ਹਮਲਾ, ਦੋ ਲੋਕਾਂ ਦੀ ਮੌਤ

Calgary- ਅਲਬਰਟਾ ਦੇ ਬੈਨਫ ਨੈਸ਼ਨਲ ਪਾਰਕ ’ਚ ਰਿੱਛ ਵਲੋਂ ਕੀਤੇ ਗਏ ਹਮਲੇ ’ਚ ਦੋ ਲੋਕਾਂ ਦੀ ਮੌਤ ਹੋ ਗਈ। ਪਾਰਕਸ ਕੈਨੇਡਾ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਬੈਨਫ ਫੀਲਡ ਯੂਨਿਟ ਦੇ ਬਾਹਰੀ ਸਬੰਧਾਂ ਦੀ ਪ੍ਰਬੰਧਕ ਨੈਟਲੀ ਫੇ ਦਾ ਕਹਿਣਾ ਹੈ ਕਿ ਏਜੰਸੀ ਨੂੰ ਸ਼ੁੱਕਰਵਾਰ ਰਾਤੀਂ ਲਗਭਗ ਰਾਤ 8 ਵਜੇ ਰੈੱਡ ਡੀਅਰ ਰਿਵਰ ਵੈਲੀ ਤੋਂ ਸ਼ੁਰੂ ਹੋਏ ਜੀਪੀਐਸ ਡਿਵਾਈਸ ਤੋਂ ਇੱਕ ਚਿਤਾਵਨੀ ਸਿਗਨਲ ਪ੍ਰਾਪਤ ਹੋਈ। ਇਸ ਸਿਗਲਨ ਵਲੋਂ ਰਿੱਛ ਦੇ ਹਮਲੇ ਦਾ ਸੰਕੇਤ ਦਿੱਤਾ ਗਿਆ।
ਇੱਕ ਬਿਆਨ ’ਚ, ਫੇ ਨੇ ਕਿਹਾ ਕਿ ਜੰਗਲੀ ਜੀਵ ਦੇ ਹਮਲਿਆਂ ’ਚ ਸਿਖਲਾਈ ਪ੍ਰਾਪਤ ਇੱਕ ਜਵਾਬੀ ਟੀਮ ਨੂੰ ਤੁਰੰਤ ਲਾਮਬੰਦ ਕੀਤਾ ਗਿਆ ਸੀ ਪਰ ਉਸ ਸਮੇਂ ਮੌਸਮ ਦੇ ਹਾਲਾਤਾਂ ਨੇ ਹੈਲੀਕਾਪਟਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਨਾਲ ਟੀਮ ਰਾਤ ਭਰ ਜ਼ਮੀਨੀ ਰਸਤੇ ਰਾਹੀਂ ਯਾਤਰਾ ਕਰਕੇ ਘਟਨਾ ਥਾਂ ’ਤੇ ਪਹੁੰਚਣਾ ਪਿਆ।
ਉਨ੍ਹਾਂ ਕਿਹਾ ਕਿ ਵਾਈਲਡਲਾਈਫ ਹਿਊਮਨ ਅਟੈਕ ਰਿਸਪਾਂਸ ਟੀਮ ਸ਼ਨੀਵਾਰ ਦੁਪਹਿਰ 1 ਵਜੇ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਨੂੰ ਦੋ ਵਿਅਕਤੀ ਮਿ੍ਰਤਕ ਅਵਸਥਾ ’ਚ ਮਿਲੇ। ਫੇ ਦਾ ਕਹਿਣਾ ਹੈ ਕਿ ਜਵਾਬੀ ਟੀਮ ਨੂੰ ਖੇਤਰ ਹਮਲਾਵਰ ਵਤੀਰੇ ਵਾਲੇ ਇੱਕ ਭੂਰੇ ਭਾਲੂ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਕਿ ਪਾਰਕਸ ਕੈਨੇਡਾ ਦੇ ਸਟਾਫ ਨੇ ਜਨਤਕ ਸੁਰੱਖਿਆ ਲਈ ਇੱਛਾ ਮੌਤ ਦੇ ਦਿੱਤੀ।
ਉਨ੍ਹਾਂ ਕਿਹਾ ਕਿ ਮਿ੍ਰਤਕਾਂ ਨੂੰ ਅਲਬਰਟਾ ਦੇ ਸੁੰਦਰੇ ਇਲਾਕੇ ’ਚ ਪਹੁੰਚਾਉਣ ਲਈ ਆਰਸੀਐਮਪੀ ਸਵੇਰੇ ਪੰਜ ਵਜੇ ਮੌਕੇ ’ਤੇ ਪਹੁੰਚੀ ਅਤੇ ਸੁਰੱਖਿਆ ਅਹਿਤਿਆਤ ਵਜੋਂ ਹਮਲੇ ਵਾਲੀ ਥਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਰਿੱਛ ਦੇ ਹਮਲੇ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਪਾਰਕਸ ਕੈਨੇਡਾ ਵਲੋਂ ਡੂੰਘੀ ਹਮਦਰਦੀ ਪ੍ਰਗਟਾਈ ਗਈ ਹੈ।