Site icon TV Punjab | Punjabi News Channel

ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਵਧੀਆਂ ਮੁਸੀਬਤਾਂ, ਗੁਪਤ ਦਸਤਾਵੇਜ਼ਾਂ ਦੇ ਮਾਮਲੇ ’ਚ ਇੱਕ ਹੋਰ ਮੁਕੱਦਮਾ ਦਰਜ

ਟਰੰਪ ਦੇ ਟਵਿੱਟਰ ਖ਼ਾਤੇ ਵਿਰੁੱਧ ਜਾਰੀ ਹੋਇਆ ਸਰਚ ਵਾਰੰਟ

Washington- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸੀਬਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਫਿਰ ਉਨ੍ਹਾਂ ਵਿਰੁੱਧ ਇੱਕ ਹੋਰ ਮੁਕੱਦਮਾ ਦਰਜ ਕੀਤਾ ਗਿਆ ਹੈ। ਟਰੰਪ ’ਤੇ ਇਹ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਗੁਪਤ ਦਸਤਾਵੇਜ਼ਾਂ ਦੀ ਜਾਂਚ ’ਚ ਰੁਕਾਵਟ ਪਾਉਣ ਲਈ ਇੱਕ ਸਟਾਫ਼ ਮੈਂਬਰ ਨੂੰ ਫਲੋਰਿਡਾ ’ਚ ਮੌਜੂਦ ਆਪਣੀ ਰਿਹਾਇਸ਼ ਮਾਰ-ਏ-ਲਾਗੋ ’ਚ ਨਿਗਰਾਨੀ ਲਈ ਲਗਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਡਿਲੀਟ ਕਰ ਲਈ ਕਿਹਾ ਸੀ। ਫੈਡਰਲ ਪ੍ਰੌਸੀਕਿਊਟਰ ਵਲੋਂ ਟਰੰਪ ਵਿਰੁੱਧ ਅਦਾਲਤ ’ਚ ਇੱਕ ਹੋਰ ਮੁਕੱਦਮਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਟਰੰਪ ਦੇ ਇੱਕ ਪ੍ਰਤੀਨਿਧੀ ਨੇ ਦਸੰਬਰ 2021 ’ਚ ਨੈਸ਼ਨਲ ਆਰਕਾਈਵਜ਼ ਨੂੰ ਦੱਸਿਆ ਕਿ ਰਾਸ਼ਟਰਪਤੀ ਟਰੰਪ ਨਾਲ ਸੰਬੰਧਿਤ ਰਿਕਾਰਡ ਉਨ੍ਹਾਂ ਦੀ ਰਿਹਾਇਸ਼ ਮਾਰ-ਏ-ਲਾਗੋ ਤੋਂ ਮਿਲੇ ਹਨ। ਪ੍ਰੈਜ਼ੀਡੇਂਸ਼ਨਲ ਰਿਕਾਰਡਜ਼ ਐਕਟ ਮੁਤਾਬਕ ਵ੍ਹਾਈਟ ਹਾਊਸ ਦੇ ਦਸਤਾਵੇਜ਼ਾਂ ਨੂੰ ਅਮਰੀਕੀ ਸਰਕਾਰ ਦੀ ਜਾਇਦਾਦ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਉੱਥੇ ਹੀ ਸੁਰੱਖਿਅਤ ਰੱਖਿਆ ਜਾਂਦਾ ਹੈ। ਦੱਸ ਦਈਏ ਕਿ ਜਨਵਰੀ 2022 ’ਚ ਨੈਸ਼ਨਲ ਆਰਕਾਈਵਜ਼ ਨੂੰ ਟਰੰਪ ਦੀ ਫਲੋਰਿਡਾ ਸਥਿਤ ਰਿਹਾਇਸ਼ ਤੋਂ ਗੁਪਤ ਦਸਤਾਵੇਜ਼ਾਂ ਦੇ 15 ਬਕਸੇ ਮਿਲੇ ਸਨ। ਅਗਸਤ 2022 ’ਚ ਮਾਰ-ਏ-ਲਾਗੋ ’ਚ ਅਮਰੀਕੀ ਜਾਂਚ ਏਜੰਸੀ ਨੇ ਕੁੱਲ 11,000 ਦਸਤਾਵੇਜ਼ਾਂ ਵਾਲੇ 33 ਤੋਂ ਵੱਧ ਡੱਬੇ ਅਤੇ ਕੰਟੇਨਰਾਂ ਨੂੰ ਜ਼ਬਤ ਕੀਤਾ ਸੀ, ਜਿਨ੍ਹਾਂ ’ਚ100 ਵਰਗੀਕ੍ਰਿਤ ਦਸਤਾਵੇਜ਼ ਸ਼ਾਮਿਲ ਸਨ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਆਪਣੀ ਸਰਕਾਰ ਦੌਰਾਨ ਕੁਝ ਗੁਪਤ ਦਸਤਾਵੇਜ਼ਾਂ ਨੂੰ ਬਿਨਾਂ ਆਗਿਆ ਆਪਣੇ ਕੋਲ ਰੱਖਣ ਨਾਲ ਸਬੰਧਿਤ ਸੱਤ ਦੋਸ਼ ਲੱਗੇ ਹਨ। ਟਰੰਪ ’ਤੇ ਲੱਗੇ ਦੋਸ਼ਾਂ ’ਚ ਕੌਮੀ ਰੱਖਿਆ ਜਾਣਕਾਰੀ ਦਾ ਅਣਅਧਿਕਾਰਤ ਕਬਜ਼ਾ, ਨਿਆਂ ’ਚ ਰੁਕਾਵਟ, ਝੂਠ ਬੋਲਣਾ ਅਤੇ ਸਾਜ਼ਿਸ਼ ਰਚਣਾ ਸ਼ਾਮਿਲ ਹੈ।

Exit mobile version