ਟੱਲੀ ਹੋਏ ਵਿਅਕਤੀਆਂ ਨੂੰ ਸਰਕਾਰ ਆਪ ਪਹੁੰਚਾਵੇਗੀ ਘਰ, ਨਾ ਪੈਸਾ ਨਾ ਕਾਰਵਾਈ

ਡੈਸਕ- ਇਟਲੀ ਵਿਚ ਸੜਕ ਹਾਦਸਿਆਂ ਨੂੰ ਰੋਕਣ ਲਈ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਜੇਕਰ ਤੁਸੀਂ ਕਿਸੇ ਨਾਈਟ ਕਲੱਬ ‘ਚ ਹੋ ਅਤੇ ਉੱਥੇ ਜ਼ਿਆਦਾ ਸ਼ਰਾਬ ਪੀ ਲਈ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਨੂੰ ਸੁਰੱਖਿਅਤ ਘਰ ਪਹੁੰਚਾਉਣਾ ਉੱਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ। ਇਟਾਲੀਅਨ ਸਰਕਾਰ ਤੁਹਾਨੂੰ ਟੈਕਸੀ ਰਾਹੀਂ ਤੁਹਾਡੇ ਘਰ ਮੁਫਤ ਪਹੁੰਚਾਏਗੀ। ਇਹ ਪ੍ਰਣਾਲੀ ਪਾਇਲਟ ਪ੍ਰੋਜੈਕਟ ਤਹਿਤ ਸ਼ੁਰੂ ਕੀਤੀ ਗਈ ਹੈ। ਇਹ ਸਿਸਟਮ ਉੱਥੇ ਦੇ ਛੇ ਨਾਈਟ ਕਲੱਬਾਂ ਵਿੱਚ ਇੱਕ ਮਹੀਨੇ ਲਈ ਟਰਾਇਲ ਵਜੋਂ ਸ਼ੁਰੂ ਹੋਵੇਗਾ।

ਟਲੀ ਦੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਹੈ ਕਿ ਜੇਕਰ ਇਹ ਸਫਲ ਰਿਹਾ ਤਾਂ ਇਸ ਨੂੰ ਹਮੇਸ਼ਾ ਲਈ ਲਾਗੂ ਕਰ ਦਿੱਤਾ ਜਾਵੇਗਾ। ਟਰਾਂਸਪੋਰਟ ਮੰਤਰੀ ਸਾਲਵਿਨੀ ਨੇ ਦੱਸਿਆ ਕਿ ਸੜਕ ਹਾਦਸਿਆਂ ਨੂੰ ਰੋਕਣ ਦੇ ਉਦੇਸ਼ ਨਾਲ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਜੁਰਮਾਨੇ ਅਤੇ ਕਾਨੂੰਨ ਕਾਫ਼ੀ ਨਹੀਂ ਹਨ, ਸਾਨੂੰ ਰੋਕਥਾਮ ਯੋਜਨਾ ਵਿੱਚ ਸਾਰਿਆਂ ਨੂੰ ਸ਼ਾਮਲ ਕਰਨ ਦੀ ਲੋੜ ਹੈ।

ਪਾਇਲਟ ਪ੍ਰੋਜੈਕਟ ਸਕੀਮ ਤਹਿਤ ਜਿਹੜੇ ਲੋਕ ਸ਼ਰਾਬ ਦੇ ਨਸ਼ੇ ਵਿੱਚ ਪੂਰੀ ਤਰ੍ਹਾਂ ਨਾਲ ਟੱਲੀ ਹੋਣਗੇ, ਕਲੱਬ ਤੋਂ ਬਾਹਰ ਹੋਣ ‘ਤੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਜੇਕਰ ਉਸ ਨੇ ਸੀਮਾ ਤੋਂ ਵੱਧ ਸ਼ਰਾਬ ਪੀਤੀ ਤਾਂ ਉਸ ਨੂੰ ਟੈਕਸੀ ਰਾਹੀਂ ਉਸਦੇ ਘਰ ਛੱਡਿਆ ਜਾਵੇਗਾ। ਇਸ ‘ਚ ਜੋ ਵੀ ਖਰਚਾ ਹੋਵੇਗਾ, ਉਹ ਟਰਾਂਸਪੋਰਟ ਮੰਤਰਾਲਾ ਸਹਿਣ ਕਰੇਗਾ। ਟਰਾਂਸਪੋਰਟ ਮੰਤਰੀ ਉਪ ਪ੍ਰਧਾਨ ਮੰਤਰੀ ਮੈਟਿਓ ਸਾਲਵਿਨੀ ਨੇ ਇਹ ਜਾਣਕਾਰੀ ਦਿੱਤੀ ਹੈ।

ਵਰਤਮਾਨ ਵਿੱਚ, ਪੁਗਲੀਆ ਤੋਂ ਤੁਸਿਆਨੀ ਅਤੇ ਵੇਨੀਤੋ ਖੇਤਰਾਂ ਤੱਕ ਕੁੱਲ ਛੇ ਨਾਈਟ ਕਲੱਬਾਂ ਨੂੰ ਇਸ ਯੋਜਨਾ ਦੇ ਤਹਿਤ ਜੋੜਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਕੀਮ ਇਟਲੀ ਵਿੱਚ ਸੜਕ ਹਾਦਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਸ਼ੁਰੂ ਕੀਤੀ ਗਈ ਹੈ। ਦਰਅਸਲ, ਇਟਲੀ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੀਆਂ ਘਟਨਾਵਾਂ ਵਿਚ ਕਾਫੀ ਵਾਧਾ ਹੋਇਆ ਹੈ, ਜਿਸ ਕਾਰਨ ਸੜਕ ਹਾਦਸਿਆਂ ਵਿਚ ਕਾਫੀ ਵਾਧਾ ਹੋਇਆ ਹੈ। ਸਾਲ 2020 ਦੇ ਇੱਕ ਅੰਕੜੇ ਮੁਤਾਬਕ ਯੂਰਪ ਅਤੇ ਇਟਲੀ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ।