Pele Dies: ਬ੍ਰਾਜ਼ੀਲ ਦੇ ਦਿੱਗਜ ਫੁੱਟਬਾਲਰ ਪੇਲੇ ਦਾ 82 ਸਾਲ ਦੀ ਉਮਰ ਵਿੱਚ ਦੇਹਾਂਤ

Pele Dies: ਬ੍ਰਾਜ਼ੀਲ ਦੇ ਦਿੱਗਜ ਫੁੱਟਬਾਲਰ ਪੇਲੇ ਦਾ 82 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਬ੍ਰਾਜ਼ੀਲ ਦੇ ਹਰ ਸਮੇਂ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਅਤੇ ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਦਿੱਗਜ ਪੇਲੇ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਪੇਲੇ ਦੀ ਧੀ ਕੇਲੀ ਨੈਸੀਮੈਂਟੋ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਲਿਖਿਆ, ‘ਅਸੀਂ ਜੋ ਵੀ ਹਾਂ ਉਹਨਾਂ ਕਰਕੇ ਹਾਂ। ਅਸੀਂ ਤੁਹਾਨੂੰ ਬੇਅੰਤ ਪਿਆਰ ਕਰਦੇ ਹਾਂ।

ਬ੍ਰਾਜ਼ੀਲ ਦੇ ਮਿਨਾਸ ਗੇਰੇਸ ਰਾਜ ਵਿੱਚ ਜਨਮੇ, ਮਹਾਨ ਫੁੱਟਬਾਲਰ ਪੇਲੇ ਅਜੇ ਵੀ ਸੇਲੇਕਾਓ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਹਨ। ਉਸ ਨੇ 95 ਮੈਚਾਂ ਵਿੱਚ ਰਿਕਾਰਡ 77 ਗੋਲ ਕੀਤੇ ਹਨ। ਇੱਕ ਪੇਸ਼ੇਵਰ ਫੁੱਟਬਾਲਰ ਵਜੋਂ, ਪੇਲੇ ਨੇ ਕੁੱਲ 3 ਵਾਰ ਫੀਫਾ ਵਿਸ਼ਵ ਕੱਪ ਜਿੱਤਿਆ, ਜੋ ਕਿ ਇੱਕ ਫੁੱਟਬਾਲਰ ਲਈ ਅਜੇ ਵੀ ਇੱਕ ਰਿਕਾਰਡ ਹੈ।

ਐਡਸਨ ਅਰਾਂਟੇਸ ਡੋ ਨਾਸੀਮੈਂਟੋ (Edson Arantes do Nascimento) ਪੇਲੇ ਦੇ ਨਾਮ ਨਾਲ ਮਸ਼ਹੂਰ ਹੈ। ਉਸਦਾ ਜਨਮ 23 ਅਕਤੂਬਰ 1940 ਨੂੰ ਬ੍ਰਾਜ਼ੀਲ ਦੇ ਟ੍ਰੇਸ ਕੋਰਾਕੋਸ (Tres Corações) ਵਿੱਚ ਹੋਇਆ ਸੀ। ਪੇਲੇ ਕੋਲਨ ਕੈਂਸਰ ਲਈ ਕੀਮੋਥੈਰੇਪੀ ਕਰਵਾ ਰਹੇ ਸਨ। ਬ੍ਰਾਜ਼ੀਲ ਦੇ ਇਸ ਦਿੱਗਜ ਫੁੱਟਬਾਲਰ ਨੂੰ ਸਾਹ ਲੈਣ ‘ਚ ਤਕਲੀਫ ਹੋਣ ਕਾਰਨ 29 ਨਵੰਬਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਕੀਮੋਥੈਰੇਪੀ ਦਾ ਜਵਾਬ ਦੇਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਪੈਲੀਏਟਿਵ ਕੇਅਰ ‘ਚ ਸ਼ਿਫਟ ਕਰ ਦਿੱਤਾ ਗਿਆ।

ਪੇਲੇ ਦੇ ਕੋਲਨ ਵਿੱਚੋਂ 2021 ਵਿੱਚ ਇੱਕ ਟਿਊਮਰ ਕੱਢਿਆ ਗਿਆ ਸੀ ਅਤੇ ਉਦੋਂ ਤੋਂ ਉਹ ਕੀਮੋਥੈਰੇਪੀ ਲੈ ਰਹੇ ਹਨ। ਫੀਫਾ ਦੁਆਰਾ ‘ਦਿ ਗ੍ਰੇਟੈਸਟ’ ਕਹੇ ਜਾਣ ਵਾਲੇ ਪੇਲੇ ਨੇ ਤਿੰਨ ਵਿਆਹ ਕੀਤੇ ਸਨ ਅਤੇ ਉਨ੍ਹਾਂ ਦੇ ਕੁੱਲ 7 ਬੱਚੇ ਹਨ।