Montreal- ਕਿਊਬਕ ’ਚ ਇੱਕ ਰੂਹ-ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਪਿਉ ਨੇ ਹੀ ਆਪਣੇ ਦੋ ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਪਿਉ ਨੇ ਆਪਣੀ ਵੀ ਜਾਨ ਲੈ ਲਈ। ਕਿਉੂਬਕ ਸੂਬਾਈ ਪੁੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਪੁਲਿਸ ਦੇ ਬੁਲਾਰੇ ਸਾਰਜੈਂਟ ਕੈਥਰੀਨ ਬਰਨਾਰਡ ਨੇ ਦੱਸਿਆ ਕਿ ਇਹ ਘਟਨਾ ਜੋਲੀਏਟ ਦੇ ਉੱਤਰ-ਪੂਰਬ ’ਚ ਪੈਂਦੇ ਨੋਟਰੇ-ਡੇਮ-ਪ੍ਰੇਰੀਜ਼ ਦੇ ਇੱਕ ਛੋਟੇ ਭਾਈਚਾਰੇ ’ਚ ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਉਕਤ ਪਿਉ ਅਤੇ ਦੋਹਾਂ ਬੱਚਿਆਂ ਨੂੰ ਮੌਕੇ ’ਤੇ ਹੀ ਮਿ੍ਰਤਕ ਐਲਾਨ ਦਿੱਤਾ। ਹਾਲਾਂਕਿ ਪੁਲਿਸ ਨੇ ਮੌਤਾਂ ਦੀ ਪ੍ਰਕਿਰਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਕਤ ਵਿਅਕਤੀ, ਜਿਸ ਦਾ ਨਾਂ ਇਆਨ ਲੈਂਮੋਟੋਂਗੇ ਦੱਸਿਆ ਜਾ ਰਿਹਾ ਹੈ, ਨੂੰ ਕੁਝ ਦਿਨ ਪਹਿਲਾਂ ਹੀ ਆਪਣੀ ਪਤਨੀ ਨੂੰ ਤੰਗ ਕਰਨ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਮਿ੍ਰਤਕ ਦੀ ਗੁਆਂਢਣ ਨਥਾਲੀ ਟੇਲਰ ਨੇ ਦੱਸਿਆ ਕਿ ਉਸ ਨੇ ਇੱਕ ਡਰਾਉਣੀ ਚੀਕ ਸੁਣੀ ਸੀ, ਅਜਿਹੀ ਚੀਕ ਜਿਹੜੀ ਉਸ ਨੂੰ ਕਦੇ ਨਹੀ ਭੁੱਲ ਸਕਦੀ। ਉਸ ਨੇ ਕਿਹਾ ਕਿ ਇਆਨ ਲੈਂਮੋਟੋਂਗੇ ਬਹੁਤ ਹੀ ਵਿਆਸਥ ਜ਼ਿੰਦਗੀ ਬਿਤਾਉਂਦਾ ਸੀ। ਉਸ ਦੇ ਫੇਸਬੁੱਕ ਪੇਜ ’ਤੇ ਉਸ ਦੀਆਂ ਅਤੇ ਉਸ ਦੇ ਤਿੰਨ ਸਾਲ ਦੇ ਜੁੜਵਾਂ ਬੱਚਿਆਂ ਦੀਆਂ ਕਈ ਤਸਵੀਰਾਂ ਹਨ। ਉਸ ਦੀ ਲਿੰਕਡਿਨ ਪ੍ਰੋਫਾਇਲ ਮੁਤਾਬਕ, ਉਹ ਆਈ. ਟੀ. ਅਤੇ ਸਾਈਬਰ ਸੁਰੱਖਿਆ ’ਚ ਇੱਕ ਵਿਆਪਕ ਪਿਛੋੜਕ ਵਾਲੀ ਕੰਪਨੀ ਕੇਵਲਰ ਸਾਈਬਰਸਕਿਓਰਿਟੀ ਦੇ ਸੰਸਥਾਪਕ ਅਤੇ ਪ੍ਰਧਾਨ ਸਨ। ਫਿਲਹਾਲ ਜਾਂਚਕਰਤਾ ਇਸ ਪੂਰੇ ਮਾਮਲੇ ਦੀ ਜਾਂਚ ’ਚ ਜੁਟੇ ਹੋਏ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਮੌਤਾਂ ਕਿਨ੍ਹਾਂ ਦੇ ਚੱਲਦਿਆਂ ਹੋਈਆਂ।