ਜੰਮੂ-ਕਸ਼ਮੀਰ ਦੇ ਬਨਿਹਾਲ ‘ਚ ਧਮਾਕਾ-ਦੋ ਵਿਅਕਤੀ ਜ਼ਖਮੀ

ਜੰਮੂ : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਬਨਿਹਾਲ ਕਸਬੇ ਦੇ ਕੋਲ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਇਕ ਧਮਾਕੇ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਸ਼ੁੱਕਰਵਾਰ ਰਾਤ ਕਰੀਬ 11.15 ਵਜੇ ਐਮਜੀ ਨਿਰਮਾਣ ਸਥਾਨ ‘ਤੇ ਹੋਇਆ। ਇਸ ਧਮਾਕੇ ਵਿਚ ਊਧਮਪੁਰ ਦੇ ਗੋਪਾਲ ਸ਼ਰਮਾ (35) ਅਤੇ ਮੰਗਿਤ ਖਾਰੀ ਦੇ ਮੁਹੰਮਦ ਆਕੀਬ (16) ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਧਮਾਕੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਪੂਰੇ ਇਲਾਕੇ ਨੂੰ ਘੇਰ ਲਿਆ। ਇਹ ਧਮਾਕਾ ਐਮਜੀ ਕੰਪਨੀ ਦੇ ਦਫਤਰ ਅਤੇ ਕਰਮਚਾਰੀਆਂ ਦੇ ਨਿਵਾਸ ਦੇ ਵਿਚਕਾਰ ਹੋਇਆ।

ਪੁਲਿਸ ਨੇ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਸ਼ੱਕੀ ਅੱਤਵਾਦੀਆਂ ਨੇ ਹੈਂਡ ਗ੍ਰਨੇਡ ਸੁੱਟਿਆ ਹੋਵੇਗਾ ਜਿਸ ਨਾਲ ਧਮਾਕਾ ਹੋਇਆ। ਐਮਜੀ ਕੰਪਨੀ ਬਨਿਹਾਲ ਬਾਈਪਾਸ ਬਣਾ ਰਹੀ ਹੈ, ਜੋ ਚਾਰ-ਮਾਰਗੀ ਜੰਮੂ-ਸ੍ਰੀਨਗਰ ਹਾਈਵੇ ਪ੍ਰਾਜੈਕਟ ਦਾ ਇਕ ਹਿੱਸਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ