Washington- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ ’ਤੇ ਆਪਣੇ ਰਵੱਈਆ ਹੋਰ ਸਖ਼ਤ ਕਰਦਿਆਂ ਤਾਇਵਾਨ ਦੀ ਮਦਦ ਦਾ ਹੱਥ ਵਧਾਇਆ ਹੈ। ਬਾਇਡਨ ਪ੍ਰਸ਼ਾਸਨ ਨੇ ਤਾਇਵਾਨ ਅਤੇ ਚੀਨ ਵਿਚਾਲੇ ਜਾਰੀ ਤਣਾਅ ਨੂੰ ਦੇਖਦਿਆਂ ਇਸ ਨੂੰ ਟਾਪੂ ਦੇਸ਼ ਨੂੰ 50 ਕਰੋੜ ਡਾਲਰ ਦੇ ਹਥਿਆਰ ਵੇਚਣ ਦੀ ਮਨਜ਼ੂਰੀ ਦਿੱਤੀ ਹੈ।
ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਉੱਨਤ ਐੱਫ-16 ਲੜਾਕੂ ਜਹਾਜ਼ਾਂ ਲਈ ਸੰਬੰਧਿਤ ਉਪਕਰਣਾਂ ਦੇ ਨਾਲ-ਨਾਲ ਇਨਫ੍ਰਾਰੈੱਡ ਸਰਚ ਟ੍ਰੈਕਿੰਗ ਸਿਸਟਮ ਦੀ ਵਿੱਕਰੀ ’ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ ’ਚ ਕਿਹਾ ਗਿਆ ਹੈ ਕਿ ਵਿੱਕਰੀ ’ਚ ਇਨਫ੍ਰਾਰੈੱਡ ਸਿਸਟਮ ਦੇ ਨਾਲ-ਨਾਲ ਪ੍ਰੀਖਣ ਸਮਰਥਨ ਅਤੇ ਉਪਕਰਣ, ਕੰਪਿਊਟਰ ਸਾਫਟਵੇਅਰ ਅਤੇ ਸਪੇਅਰ ਪਾਰਟਸ ਵੀ ਸ਼ਾਮਿਲ ਹਨ। ਹਾਲਾਂਕਿ ਇਹ ਸੌਦਾ ਪਿਛਲੇ ਹਥਿਆਰਾਂ ਦੀ ਵਿੱਕਰੀ ਦੀ ਤੁਲਨਾ ’ਚ ਮਾਮੂਲੀ ਹੈ ਪਰ ਇਸ ਕਦਮ ਦੀ ਬੀਜਿੰਗ ਵਲੋਂ ਤਿੱਖੀ ਆਲੋਚਨਾ ਕੀਤੇ ਜਾਣ ਦੀ ਸੰਭਾਵਨਾ ਹੈ।
ਵਿਦੇਸ਼ ਵਿਭਾਗ ਨੇ ਇੱਕ ਬਿਆਨ ਚ ਕਿਹਾ, ‘‘ਇਹ ਪ੍ਰਸਤਾਵਿਤ ਵਿੱਕਰੀ ਅਮਰੀਕਾ ਦੇ ਕੌਮੀ, ਆਰਥਿਕ ਅਤੇ ਸੁਰੱਖਿਆ ਹਿੱਤਾਂ ਦੀ ਪੂਰਤੀ ਕਰਦੀ ਹੈ ਅਤੇ ਪ੍ਰਾਪਤਕਰਤਾ ਦੇ ਆਪਣੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਅਤੇ ਇੱਕ ਭਰੋਸੇਯੋਗ ਰੱਖਿਆਤਮਕ ਸਮਰੱਥਾ ਨੂੰ ਕਾਇਮ ਰੱਖਣ ਦੇ ਲਗਾਤਾਰ ਯਤਨਾਂ ਦਾ ਸਮਰਥਨ ਕਰਦੀ ਹੈ।’’
ਇਹ ਘੋਸ਼ਣਾ ਤਾਇਵਾਨ ਦੀ ਰਾਸ਼ਟਰਪਤੀ ਤਸਾਈ ਵਿੰਗ-ਏਨ ਵਲੋਂ ਤਾਇਵਾਨ ਦੀ ਸਵੈ-ਰੱਖਿਆ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਤੋਂ ਕੁਝ ਘੰਟਿਆਂ ਬਾਅਦ ਆਈ ਹੈ, ਜਦੋਂ ਉਨ੍ਹਾਂ ਨੇ ਤਾਇਵਾਨ ਅਤੇ ਚੀਨ ਵਿਚਾਲੇ ਆਖ਼ਰੀ ਯੁੱਧ ਦੇ ਸਮਾਰਕ ਦਾ ਦੌਰਾ ਕੀਤਾ ਸੀ। ਤਸਾਈ ਨੇ ਕਿਨਮੇਨ ਦੇ ਦੂਰ-ਦੁਰਾਡੇ ਟਾਪੂ ਦਾ ਦੌਰਾ ਕੀਤਾ, ਜਿੱਥੇ 65 ਸਾਲ ਪਹਿਲਾਂ ਸੰਘਰਸ਼ ਹੋਇਆ ਸੀ ਅਤੇ ਉਨ੍ਹਾਂ ਨੇ ਇਸ ਮੌਕੇ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ।