ਡੈਸਕ- ਗੁਰਦੁਆਰਾ ਨਾਨਕਮੱਤਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਤਰਸੇਮ ਸਿੰਘ ਨੂੰ ਅੱਜ ਸਵੇਰੇ ਦੋ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਦਿਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਖਟੀਮਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਤਰਸੇਮ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਹਸਪਤਾਲ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਚੁੱਕੀ ਹੈ।
ਉਧਮ ਸਿੰਘ ਨਗਰ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਮੰਜੂਨਾਥ ਟੀਸੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਮੌਜੂਦ ਹਨ। ਉਤਰਾਖੰਡ ਦੇ ਵਧੀਕ ਡੀਜੀਪੀ (ਕਾਨੂੰਨ ਵਿਵਸਥਾ) ਏਪੀ ਅੰਸ਼ੁਮਨ ਨੇ ਦਸਿਆ ਕਿ ਮੋਟਰਸਾਈਕਲ ‘ਤੇ ਆਏ ਦੋ ਹਮਲਾਵਰਾਂ ਨੇ ਸਵੇਰੇ ਕਰੀਬ ਸਾਢੇ ਛੇ ਵਜੇ ਡੇਰੇ ਦੇ ਅੰਦਰ ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਪ੍ਰਮੁੱਖ ਬਾਬਾ ਤਰਸੇਮ ਸਿੰਘ ‘ਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਫੜਨ ਲਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਨਾਲ ਕਈ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਹਨ। ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਵੀ ਕੀਤਾ ਜਾ ਰਿਹਾ ਹੈ।