ਲੁਧਿਆਣਾ : ਪੰਜਾਬ ’ਚ ਜੂਨ ਦੇ ਤੀਜੇ ਹਫਤੇ ਹੋਈ ਮਾਨਸੂਨ ਦੀ ਦਸਤਕ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਮੌਨਸੂਨ ਇਕਦਮ ਲਾਪਤਾ ਹੋ ਗਿਆ । ਉਦੋਂ ਤੋਂ ਮੌਸਮ ਗਰਮ ਅਤੇ ਖੁਸ਼ਕ ਹੋਣ ਕਾਰਨ ਪੰਜਾਬ ਦੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀਆਂ ਫਸਲਾਂ ਮੀਂਹ ਤੋਂ ਬਗੈਰ ਕੁਮਲਾਉਣੀਆਂ ਸ਼ੁਰੂ ਹੋ ਗਈਆਂ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਮੌਨਸੂਨ ਦੁਬਾਰਾ ਸਰਗਰਮ ਹੋ ਗਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿਚ ਅੱਠ ਤੋਂ ਦਸ ਜੁਲਾਈ ਤਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਵੀ ਹੋਵੇਗੀ। ਹਾਲਾਂਕਿ ਭਾਰੀ ਬਾਰਿਸ਼ ਕਿਤੇ ਨਹੀਂ ਹੈ। ਬਾਰਿਸ਼ ਹੋਵੇਗੀ ਤਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਸਿੰਚਾਈ ਲਈ ਪਾਣੀ ਮਿਲੇਗਾ, ਉੱਥੇ ਬਿਜਲੀ ਸੰਕਟ ਵੀ ਘੱਟ ਹੋਵੇਗਾ।
ਡਾ. ਸਿੱਧੂ ਨੇ ਕਿਹਾ ਕਿ ਇਸ ਸਮੇਂ ਬਾਰਿਸ਼ ਦੀ ਬੇਹੱਦ ਜ਼ਰੂਰਤ ਹੈ। ਜੂਨ ਵਿਚ ਏਨੀ ਬਾਰਿਸ਼ ਨਹੀਂ ਹੋਈ, ਜਿੰਨੀ ਬਾਰਿਸ਼ ਹੋਣੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਕਰੀਬ 60 ਫ਼ੀਸਦੀ ਬਾਰਿਸ਼ ਘੱਟ ਹੋਈ, ਜਿਸ ਨਾਲ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ।
ਟੀਵੀ ਪੰਜਾਬ ਬਿਊਰੋ