ਅੰਮ੍ਰਿਤਪਾਲ ‘ਤੇ ਹਮਲੇ ਦਾ ਅਲਰਟ, ਅੰਮ੍ਰਿਤਪਾਲ ਬੋਲੇ ‘ ਮੇਰੀ ਸੁਰੱਖਿਆ ਵਾਹਿਗੁਰੂ ਕਰ ਰਿਹੈ’

ਅੰਮ੍ਰਿਤਸਰ- ਕੇਂਦਰੀ ਏਜੰਸੀਆਂ ਵਲੋਂ ਇਨਪੁੱਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਵਾਰਿਸ ਪੰਜਾਬ ਦੇ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਜਾਨਲੇਵਾ ਹਮਲੇ ਬਾਰੇ ਦੱਸਿਆ ਗਿਆ ਹੈ । ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਜਿਸਦੀ ਮੌਤ ਆਈ ਹੈ ਉਸਨੂੰ ਕੋਈ ਰੋਕ ਨਹੀਂ ਸਕਦਾ । ਜਿਹੜੀ ਏਜੰਸੀਆਂ ਇਹ ਖਦਸ਼ਾ ਜਤਾਈ ਰਹੀਆਂ ਹਨ , ਮੈਨੂੰ ਉਨ੍ਹਾਂ ਤੋਂ ਹੀ ਜਾਨ ਦਾ ਖਤਰਾ ਹੈ,ਮੇਰੀ ਸੁਰੱਖਿਆ ਵਾਹਿਗੁਰੂ ਕਰ ਰਿਹੈ ।

ਪੰਜਾਬ ਵਿਚ ਇਕ ਵਾਰ ਫਿਰ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਖੁਫੀਆ ਜਾਣਕਾਰੀ ਅਨੁਸਾਰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਉਤੇ ਹਮਲਾ ਹੋਣ ਦੀ ਸੰਭਾਵਨਾ ਹੈ। ਇਹ ਹਮਲਾ ਦੇਸ਼ ਵਿਰੋਧੀ ਅਨਸਰਾਂ ਵੱਲੋਂ ਕੀਤਾ ਜਾ ਸਕਦਾ ਹੈ ਤਾਂ ਜੋ ਉਸ ਦੇ ਸਮਰਥਕ ਭੜਕ ਜਾਣ। ਇਹ ਹਮਲਾ ਕੌਣ ਕਰੇਗਾ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਕੇਂਦਰੀ ਖੁਫੀਆ ਏਜੰਸੀਆਂ ਨੇ ਕਿਹਾ ਹੈ ਕਿ ਅੰਮ੍ਰਿਤਪਾਲ ‘ਤੇ ਹਮਲਾ ਹੋਣ ਦੀ ਸੰਭਾਵਨਾ ਹੈ ਅਤੇ ਪੰਜਾਬ ਪੁਲਿਸ ਨੂੰ ਇਸ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ।

ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਪੰਜਾਬ ਦੀ ਕਾਨੂੰਨ ਵਿਵਸਥਾ ਸਮੇਤ ਹੋਰ ਮੁੱਦਿਆਂ ‘ਤੇ ਚਰਚਾ ਹੋਈ। ਇਸ ਮੀਟਿੰਗ ‘ਚ ਅੰਮ੍ਰਿਤਪਾਲ ਸਿੰਘ ਵੀ ਮੁੱਦਾ ਬਣਿਆ। ਕੇਂਦਰੀ ਖੁਫੀਆ ਏਜੰਸੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਦੇਸ਼ ਵਿਰੋਧੀ ਤਾਕਤਾਂ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਅਜਿਹੀ ਸਾਜ਼ਿਸ਼ ਰਚਣ ਦੀ ਤਿਆਰੀ ਕਰ ਰਹੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ‘ਤੇ ਕੋਈ ਵੀ ਹਮਲਾ ਉਸ ਦੇ ਸਮਰਥਕਾਂ ਨੂੰ ਭੜਕਾ ਸਕਦਾ ਹੈ, ਇਸ ਲਈ ਦੇਸ਼ ਵਿਰੋਧੀ ਅਨਸਰ ਅੰਮ੍ਰਿਤਪਾਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਅੰਮ੍ਰਿਤਪਾਲ ਸਿੰਘ ‘ਤੇ ਇਹ ਹਮਲਾ ਕੌਣ ਕਰੇਗਾ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਪਰ ਖੁਫੀਆ ਏਜੰਸੀਆਂ ਨੇ ਹਮਲੇ ਦੀ ਸੰਭਾਵਨਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਪੁਲਿਸ ਨੇ ਵੀ ਇਸ ਸਬੰਧੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਘਟਨਾਕ੍ਰਮ ’ਤੇ ਨਜ਼ਰ ਰੱਖੀ ਹੋਈ ਹੈ। ਕੇਂਦਰੀ ਖੁਫੀਆ ਏਜੰਸੀਆਂ ਨੇ ਆਪਣੇ ਅਲਰਟ ‘ਚ ਕਿਹਾ ਹੈ ਕਿ ਵਾਰਿਸ ਪੰਜਾਬ ਦੇ ਸੰਗਠਨ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਆਉਣ ਵਾਲੇ ਫੰਡਾਂ ਦੀ ਜਾਂਚ ਕੀਤੀ ਜਾਵੇ।

ਪੰਜਾਬ ਪੁਲਿਸ ਦੇ ਨਾਲ-ਨਾਲ ਹੋਰ ਏਜੰਸੀਆਂ ਨੂੰ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਪ੍ਰਧਾਨ ਨੂੰ ਫੰਡ ਕਿੱਥੋਂ ਆ ਰਹੇ ਹਨ, ਇਹ ਕਿਵੇਂ ਆ ਰਿਹਾ ਹੈ? ਕਿਸ ਦੇ ਰਾਹੀਂ ਆ ਰਿਹਾ ਹੈ? ਇਸ ਸਬੰਧੀ ਪੂਰੀ ਜਾਣਕਾਰੀ ਇਕੱਠੀ ਕਰਕੇ ਖੁਫੀਆ ਏਜੰਸੀਆਂ ਨਾਲ ਸਾਂਝੀ ਕੀਤੀ ਜਾਵੇ।