ਪੰਜਾਬ ਵਿੱਚ ਮੌਸਮ ਮੁੜ ਕਰਵਟ ਲੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿੱਚ ਵੈਸਟਰਨ ਡਿਸਟਰਬੈਂਸ ਇੱਕ ਵਾਰ ਫਿਰ ਸਰਗਰਮ ਹੋ ਰਹੀ ਹੈ। ਇਸ ਕਾਰਨ 18 ਤੋਂ 20 ਅਪਰੈਲ ਤੱਕ ਤਿੰਨ ਦਿਨਾਂ ਤੱਕ ਕਈ ਥਾਵਾਂ ’ਤੇ ਗਰਜ ਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ‘ਚ ਸੋਮਵਾਰ ਨੂੰ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ।
ਉਧਰ ਇਸ ਨਾਲ ਕਿਸਾਨਾਂ ਦੇ ਫਿਕਰ ਵਧ ਗਏ ਹਨ। ਕਣਕ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ। ਕਣਕ ਦੀ ਫਸਲ ਖੇਤਾਂ ਤੇ ਮੰਡੀਆਂ ਵਿੱਚ ਪਈ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ 19.92 ਲੱਖ ਮੀਟ੍ਰਿਕ ਟਨ ਕਣਕ ਖੁੱਲ੍ਹੇ ਵਿੱਚ ਪਈ ਹੈ। ਇਸ ਵਿੱਚੋਂ 3.66 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਅਜੇ ਤੱਕ ਨਹੀਂ ਹੋ ਸਕੀ ਹੈ ਜਦੋਂਕਿ 16.26 ਲੱਖ ਮੀਟ੍ਰਿਕ ਟਨ ਕਣਕ ਖਰੀਦ ਤੋਂ ਬਾਅਦ ਲਿਫਟਿੰਗ ਦੀ ਉਡੀਕ ਵਿੱਚ ਹੈ।
ਬੇਸ਼ੱਕ ਸਰਕਾਰ ਦਾਅਵੇ ਕਰ ਰਹੀ ਹੈ ਕਿ ਕਣਕ ਦੀ ਖਰੀਦ ਤੁਰੰਤ ਹੋ ਰਹੀ ਹੈ ਤੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ ਪਰ ਹਾਸਲ ਰਿਪੋਰਟਾਂ ਮੁਤਾਬਕ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੇ ਢੇਰ ਲੱਗ ਗਏ ਹਨ। ਹੁਣ ਤੱਕ 1916 ਅਨਾਜ ਮੰਡੀਆਂ ਵਿੱਚ 23.00 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। 19.34 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਹਿਮਾਚਲ ਵਿੱਚ ਵੀ ਵਿਗੜੇਗਾ ਮੌਸਮ- ਉਧਰ, ਹਿਮਾਚਲ ਦੇ 6 ਜ਼ਿਲ੍ਹਿਆਂ ਬਿਲਾਸਪੁਰ, ਕਾਂਗੜਾ, ਸ਼ਿਮਲਾ, ਮੰਡੀ, ਕੁੱਲੂ, ਚੰਬਾ ਵਿੱਚ ਅਗਲੇ 5 ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਨੇ ਸੂਬੇ ‘ਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਪਹਾੜਾਂ ‘ਤੇ ਭਾਰੀ ਮੀਂਹ, ਗੜੇਮਾਰੀ ਤੇ ਬਰਫਬਾਰੀ ਦੀ ਸੰਭਾਵਨਾ ਹੈ।