ਜਲੰਧਰ- ਪੰਜਾਬ ਵਿੱਚ ਨਵੰਬਰ ਮਹੀਨੇ ਦੇ ਆਖਰੀ ਪੜਾਅ ਵਿੱਚ ਠੰਡ ਦਾ ਪ੍ਰਕੋਪ ਵੱਧ ਗਿਆ ਹੈ। ਸਵੇਰੇ-ਸਵੇਰੇ ਠੰਡੀਆਂ ਹਵਾਵਾਂ ਕਾਰਨ ਹੱਡ ਚੀਰਵੀਂ ਠੰਡ ਪੈ ਰਹੀ ਹੈ। ਸਭ ਤੋਂ ਜ਼ਿਆਦਾ ਪਰੇਸ਼ਾਨੀ ਸੈਰ ਕਰਨ ਵਾਲਿਆਂ ਨੂੰ ਹੋ ਰਹੀ ਹੈ। ਗਰਮ ਕੱਪੜੇ ਪਾਉਣ ਦੇ ਬਾਵਜੂਦ ਵੀ ਠੰਡ ਘੱਟ ਨਹੀਂ ਹੋ ਰਹੀ। ਬੁੱਧਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੜਾਕੇ ਦੀ ਠੰਡ ਰਹੀ, ਜਿਸ ਵਿੱਚ ਜਲੰਧਰ ਸਭ ਤੋਂ ਠੰਡਾ ਰਿਹਾ। ਇੱਥੇ ਘੱਟੋਂ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਪਿਛਲੇ ਇੱਕ ਹਫ਼ਤੇ ਵਿੱਚ ਇੰਨਾ ਤਾਪਮਾਨ ਰਹਿ ਚੁੱਕਿਆ ਹੈ।
ਜਲੰਧਰ ਨੂੰ ਛੱਡ ਕੇ ਪੰਜਾਬ ਦੇ ਹੋਰ ਕਿਸੇ ਵੀ ਜ਼ਿਲ੍ਹੇ ਵਿੱਚ ਘੱਟੋਂ-ਘੱਟ ਤਾਪਮਾਨ ਇੰਨਾ ਨੀਚੇ ਤੱਕ ਨਹੀਂ ਆਇਆ ਹੈ। ਉੱਥੇ ਹੀ ਬਠਿੰਡਾ ਵਿੱਚ ਗਾਹੱਤੋਂ-ਘੱਟ ਤਾਪਮਾਨ 6.6 ਡਿਗਰੀ, ਮੁਕਤਸਰ 6.8 ਡਿਗਰੀ, ਮੋਗਾ ਵਿੱਚ 7 ਡਿਗਰੀ, ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿੱਚ 7.3 ਡਿਗਰੀ, ਲੁਧਿਆਣਾ ਵਿੱਚ 7.6 ਡਿਗਰੀ ਦਰਜ ਕੀਤਾ ਗਿਆ। ਜਦਕਿ ਪਟਿਆਲਾ ਵਿੱਚ 8 ਡਿਗਰੀ, ਕਪੂਰਥਲਾ ਵਿੱਚ 8.4 ਡਿਗਰੀ, ਬਰਨਾਲਾ ਵਿੱਚ 8.2 ਡਿਗਰੀ, ਹੁਸ਼ਿਆਰਪੁਰ ਵਿੱਚ 8 ਡਿਗਰੀ ਤਾਪਮਾਨ ਰਿਹਾ।
ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਹਿਮਾਚਲ ਰੀਜ਼ਨ ਵਿੱਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਜਿਸ ਨਾਲ ਹਿਮਾਚਲ ਦੇ ਉੱਪਰੀ ਇਲਾਕਿਆਂ ਅਤੇ ਜੰਮੂ-ਕਸ਼ਮੀਰ ਵਿੱਚ ਬਰਫ਼ਬਾਰੀ ਹੋ ਸਕਦੀ ਹੈ। ਇਸਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਪਵੇਗਾ, ਜਿਸ ਕਾਰਨ ਠੰਡ ਵਿੱਚ ਵਾਧਾ ਹੋਵੇਗਾ। ਸੂਬੇ ਵਿੱਚ ਠੰਡ ਵਧਣ ਦੇ ਨਾਲ ਹੀ ਪ੍ਰਦੂਸ਼ਣ ਵੀ ਵਧਣ ਲੱਗਿਆ ਹੈ। ਅੰਮ੍ਰਿਤਸਰ ਦਾ AQI 200 ਤੇ ਲੁਧਿਆਣਾ ਦਾ 198 ਅੰਕਾਂ ਤੱਕ ਪਹੁੰਚ ਗਿਆ ਹੈ।