Site icon TV Punjab | Punjabi News Channel

ਠੰਢ ਤੇ ਧੁੰਦ ਤੋਂ ਬਾਅਦ ਹੁਣ ਬਾਰਸ਼ ਵਧਾ ਸਕਦੀ ਹੈ ਮੁਸ਼ਕਲਾਂ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ

ਡੈਸਕ- ਉੱਚਾਈ ਵਾਲੇ ਖੇਤਰਾਂ ਵਿੱਚ ਪਾਰਾ ਲਗਾਤਾਰ ਡਿੱਗਣ ਕਾਰਨ ਪੂਰੇ ਉੱਤਰੀ ਭਾਰਤ ਦੇ ਨਾਲ-ਨਾਲ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸਿਆਂ ਵਿੱਚ ਵੀ ਸੀਤ ਲਹਿਰ ਜਾਰੀ ਹੈ। ਬਿਹਾਰ ਜ਼ਬਰਦਸਤ ਸੀਤ ਲਹਿਰ ਦੀ ਲਪੇਟ ‘ਚ ਹੈ।

ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਬੁੱਧਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਈ। ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਬੁੱਧਵਾਰ ਨੂੰ ਸੰਘਣੀ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ ਨੇ ਦਿੱਲੀ, ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਕਾਰਨ ਹੱਡ ਭੰਨਵੀਂ ਠੰਢ ਅਤੇ ਧੁੰਦ ਤੋਂ ਫੌਰੀ ਰਾਹਤ ਮਿਲਣ ਦੀ ਉਮੀਦ ਹੈ। ਮੱਧ ਅਤੇ ਉੱਤਰੀ ਦਿੱਲੀ ‘ਚ ਹੋਰ ਬਾਰਿਸ਼ ਪੈਣ ਦੀ ਸੰਭਾਵਨਾ ਹੈ।

ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਪਿਛਲੇ ਕੁਝ ਹਫਤਿਆਂ ਤੋਂ ਕੜਾਕੇ ਦੀ ਠੰਢ ਪੈ ਰਹੀ ਹੈ। ਸੰਘਣੀ ਧੁੰਦ ਕਾਰਨ ਆਮ ਜਨਜੀਵਨ ਲੀਹੋਂ ਲੱਥ ਗਿਆ ਹੈ। ਕੋਈ ਜ਼ਰੂਰੀ ਕੰਮ ਹੋਣ ‘ਤੇ ਹੀ ਲੋਕ ਘਰਾਂ ਤੋਂ ਬਾਹਰ ਨਿਕਲਦੇ ਹਨ। ਸੜਕਾਂ ‘ਤੇ ਆਮ ਨਾਲੋਂ ਘੱਟ ਭੀੜ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਸੰਘਣੀ ਧੁੰਦ ਕਾਰਨ ਸੜਕ ਅਤੇ ਰੇਲ ਦੇ ਨਾਲ-ਨਾਲ ਹਵਾਈ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਈ ਟਰੇਨਾਂ ਤੈਅ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।

ਚੀਰਵੀਂ ਠੰਢ ਤੇ ਧੁੰਦ ਦਾ ਕਹਿਰ ਮਾਲਵਾ ਖਿੱਤੇ ’ਚ ਵੀ ਜਾਰੀ ਰਿਹਾ। ਇਥੇ ਸਵੇਰ ਵੇਲੇ ਧੁੰਦ ਬਰੀਕ ਕਣੀਆਂ ਵਾਂਗ ਡਿੱਗੀ। ਇਥੇ ਬਾਅਦ ਦੁਪਹਿਰ ਕੁਝ ਚਿਰ ਲਈ ਸੂਰਜ ਨਿਕਲਿਆ ਪਰ ਬਾਅਦ ਵਿਚ ਬੱਦਲਵਾਈ ਹੋ ਗਈ। ਪੰਜਾਬ ਭਰ ਵਿਚੋਂ ਪਟਿਆਲਾ ਖੇਤਰ ਸਭ ਤੋਂ ਠੰਢਾ ਰਿਹਾ। ਇਥੇ ਹੇਠਲਾ ਪਾਰਾ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਉੱਪਰ ਗੁਰਦਾਸਪੁਰ 4.0, ਬਠਿੰਡਾ 4.2, ਮੋਗਾ 5.0, ਫ਼ਰੀਦਕੋਟ 5.2, ਫ਼ਿਰੋਜ਼ਪੁਰ ਤੇ ਸ਼ਹੀਦ ਭਗਤ ਸਿੰਘ ਨਗਰ 5.5, ਚੰਡੀਗੜ੍ਹ 6.0, ਲੁਧਿਆਣਾ 6.3, ਅੰਮ੍ਰਿਤਸਰ 6.7, ਰੋਪੜ 7.1, ਮੁਹਾਲੀ 7.2, ਸਮਰਾਲਾ 7.8 ਅਤੇ ਪਠਾਨਕੋਟ ਦਾ ਹੇਠਲਾ ਤਾਪਮਾਨ 7.9 ਡਿਗਰੀ ਰਿਹਾ।

ਗੁਰਦਾਸਪੁਰ, ਤਰਨ ਤਾਰਨ, ਨਵਾਂ ਸ਼ਹਿਰ, ਫ਼ਿਰੋਜ਼ਪੁਰ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਅੰਦਰ 24 ਜਨਵਰੀ ਨੂੰ ਧੁੰਦ ਲਈ ‘ਰੈੱਡ ਅਲਰਟ’ ਜਾਰੀ ਕੀਤਾ ਗਿਆ ਹੈ। ਉਂਜ ਧੁੰਦ ਅਤੇ ਠੰਢ ਆਉਂਦੇ ਦਿਨੀਂ ਵੀ ਸਮੁੱਚੇ ਪੰਜਾਬ ਨੂੰ ਆਪਣੇ ਕਲਾਵੇ ’ਚ ਲਈ ਰੱਖੇਗੀ।

Exit mobile version