ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ, ਬਰਸਾਤ ਕਰੇਗੀ ਮੌਸਮ ਨੂੰ ਠੰਡਾ

ਡੈਸਕ- ਗਰਮੀ ਦੇ ਸੀਜ਼ਨ ਦਾ ਸਭ ਤੋਂ ਤਪਾਉਣ ਵਾਲਾ ਮਈ ਮਹੀਨਾ ਇਸ ਵਾਰ ਠੰਡਾ ਹੀ ਲੰਘ ਰਿਹਾ ਹੈ। ਅੱਜ ਪੰਜਾਬ ਤੇ ਰਾਜਸਥਾਨ ਸਣੇ 8 ਰਾਜਾਂ ਵਿੱਚ ਮੀਂਹ ਪੈਣ ਦੇ ਆਸਾਰ ਹਨ। ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਦਿਨ ਵੇਲੇ ਜੰਮੂ, ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਰਾਜਸਥਾਨ, ਗੁਜਰਾਤ, ਕਰਨਾਟਕ, ਕੇਰਲਾ, ਤਾਮਿਲਨਾਡੂ ਦੇ ਕੁਝ ਹਿੱਸਿਆਂ ਵਿੱਚ ਗਰਜ਼-ਤੂਫ਼ਾਨ, ਬਿਜਲੀ ਚਮਕਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਸੋਮਵਾਰ ਨੂੰ ਦਿੱਲੀ ਵਿੱਚ ਹਨੇਰਾ ਛਾ ਗਿਆ। ਤੇਜ਼ ਹਨੇਰੀ ਅਤੇ ਹਲਕੀ ਮੀਂਹ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਸਮੇਤ ਅਗਲੇ ਤਿੰਨ ਦਿਨਾਂ ਤੱਕ ਤੇਜ਼ ਹਵਾਵਾਂ, ਗਰਜ ਨਾਲ ਬੂੰਦਾ-ਬਾਂਦੀ, ਹਲਕੀ-ਦਰਮਿਆਨੀ ਮੀਂਹ ਪੈਣ ਦੇ ਆਸਾਰ ਹਨ। ਇਸ ਤੋਂ ਇਲਾਵਾ 6 ਦਿਨ ਤੱਕ ਲੂ ਨਹੀਂ ਚੱਲੇਗੀ। ਮੌਸਮ ਵਿਗਿਆਨ ਕੇਂਦਰ ਸਫਦਰਜੰਗ ਆਬਜ਼ਰਵੇਟਰੀ ‘ਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 21.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ।

ਮੰਗਲਵਾਰ-ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਵੀਰਵਾਰ-ਸ਼ੁੱਕਰਵਾਰ ਨੂੰ ਇਹ 37 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਸਫਦਰਜੰਗ ਆਬਜ਼ਰਵੇਟਰੀ ਨੇ ਮਈ ਵਿੱਚ ਹੁਣ ਤੱਕ 86.7 ਮਿਲੀਮੀਟਰ ਮੀਂਹ ਦਰਜ ਕੀਤਾ ਹੈ, ਜਦੋਂਕਿ ਰਾਜਧਾਨੀ ਵਿੱਚ ਆਮ ਤੌਰ ‘ਤੇ ਮਈ ਵਿੱਚ ਔਸਤਨ 19.7 ਮਿਲੀਮੀਟਰ ਮੀਂਹ ਪੈਂਦਾ ਹੈ। ਯਾਨੀ ਇਸ ਸਾਲ 67 ਮਿਲੀਮੀਟਰ ਜ਼ਿਆਦਾ ਮੀਂਹ ਦਰਜ ਕੀਤਾ ਗਿਆ। ਇਸ ਮਹੀਨੇ ਦੇ ਸ਼ੁਰੂ ਵਿੱਚ ਸੰਘਣੀ ਧੁੰਦ ਵੀ ਛਾਈ ਰਹੀ। 4 ਮਈ ਨੂੰ ਘੱਟੋ-ਘੱਟ ਤਾਪਮਾਨ 15.8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਇਹ 1901 ਤੋਂ ਬਾਅਦ ਮਈ ਦੀ ਤੀਜੀ ਸਭ ਤੋਂ ਠੰਢੀ ਸਵੇਰ ਹੈ।

ਚੁਰੂ, ਜੈਸਲਮੇਰ, ਜਾਲੋਰ, ਜੋਧਪੁਰ, ਨਾਗੌਰ ਵਿੱਚ ਮੀਂਹ ਨੂੰ ਲੈ ਕੇ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ, ਉਥੇ ਹੀ ਉਜੈਪੁਰ, ਅਜਮੇਰ, ਅਲਵਰ, ਭਰਤਪੁਰ, ਭੀਲਵਾੜਾ, ਬੂੰਦੀ, ਦੌਸਾ, ਧੌਲਪੁਰ, ਝੁੰਝਨੂ, ਕਰੌਲੀ, ਕੋਟਾ, ਸਵਾਈ ਮਾਧੋਪੁਰ, ਸੀਕਰ, ਸਿਰੋਹੀ, ਟੋਂਕ, ਉਦੈਪੁਰ, ਬਾੜਮੇਰ, ਬੀਕਾਨੇਰ, ਹਨੂੰਮਾਨਗੜ੍ਹ, ਪਾਲੀ ਅਤੇ ਸ਼੍ਰੀਗੰਗਾਨਗਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਵਿੱਚ ਸੋਮਵਾਰ ਨੂੰ ਲਗਾਤਾਰ ਤੀਜੇ ਦਿਨ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਦਿਨ ਭਰ ਬੱਦਲ ਛਾਏ ਰਹਿਣ ਅਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਅਤੇ ਰਾਤ ਨੂੰ ਮੀਂਹ ਪੈਣ ਕਾਰਨ ਸੂਬੇ ਦਾ ਤਾਪਮਾਨ 31 ਤੋਂ 36 ਡਿਗਰੀ ਦਰਜ ਕੀਤਾ ਗਿਆ। ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 5 ਤੋਂ 8 ਡਿਗਰੀ ਤੱਕ ਡਿੱਗ ਗਿਆ ਹੈ। ਜਦਕਿ ਹਰਿਆਣਾ ‘ਚ ਕਰਨਾਲ ਅਤੇ ਗੁੜਗਾਓਂ ਸਮੇਤ ਕਈ ਜ਼ਿਲਿਆਂ ‘ਚ ਮੀਂਹ ਪਿਆ। ਪੂਰੇ ਹਰਿਆਣਾ ਵਿੱਚ 1.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਕਈ ਥਾਵਾਂ ‘ਤੇ ਗੜੇ ਵੀ ਪਏ ਹਨ। ਦੇਰ ਸ਼ਾਮ ਤੱਕ ਵੀ ਰੁਕ-ਰੁਕ ਕੇ ਮੀਂਹ ਪਿਆ।