ਖ਼ਤਮ ਹੋਈ ਟਰੂਡੋ ਕੈਬਨਿਟ ਦੀ ਰਿਟਰੀਟ, ਰਿਹਾਇਸ਼ੀ ਯੋਜਨਾ ਦੇਣ ਦੀ ਬਜਾਏ ਟਰੂਡੋ ਨੇ ਕੈਨੇਡੀਅਨਾਂ ਨੂੰ ਦਿੱਤਾ ਹੌਂਸਲਾ!

Charlottetown- ਪ੍ਰਿੰਸ ਐਡਵਰਡ ਆਈਲੈਂਡ ਵਿਖੇ ਚੱਲ ਰਹੀ ਤਿੰਨ ਰੋਜ਼ਾ ਕੈਬਿਨੇਟ ਰਿਟਰੀਟ ਬੁੱਧਵਾਰ ਨੂੰ ਸਮਾਪਤ ਹੋ ਗਈ। ਕੈਬਟਿਨ ਦੀ ਬੈਠਕ ਨੂੰ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਲਈ ਖ਼ਾਸ ਸੰਦੇਸ਼ ਨਾਲ ਸਮਾਪਤ ਕੀਤਾ। ਉਨ੍ਹਾਂ ਕਿਹਾ, ‘‘ਨੌਜਵਾਨ ਕੈਨੇਡੀਅਨਾਂ ਨੂੰ ਮੈਂ ਕੁਝ ਕਹਿਣਾ ਚਾਹੁੰਦਾ ਹਾਂ, ਤੁਹਾਡੇ ਬਾਲਗਪੁਣੇ ਦੇ ਪਹਿਲੇ ਦੋ ਮਹੱਤਵਪੂਰਨ ਸਾਲ ਕੋਵਿਡ ਕਾਰਨ ਨਾਟਕੀ ਢੰਗ ਨਾਲ ਪ੍ਰਭਾਵਿਤ ਹੋਏ ਅਤੇ ਫਿਰ ਤੁਸੀਂ ਵਿਸ਼ਵੀ ਮਹਿੰਗਾਈ ਅਤੇ ਵਧੀਆਂ ਹੋਈਆਂ ਵਿਆਜ ਦਰਾਂ ਕਾਰਨ ਪ੍ਰਭਾਵਿਤ ਹੋਏ। ਇਨ੍ਹਾਂ ਘਟਨਾਵਾਂ ਨੇ ਤੁਹਾਡੀ ਸਿੱਖਿਆ, ਤੁਹਾਡੀਆਂ ਪਹਿਲੀਆਂ ਨੌਕਰੀਆਂ ਅਤੇ ਕੈਰੀਅਰ ਤੇ ਨੈੱਟਵਰਕ ਬਣਾਉਣ ਵਾਲੇ ਤੁਹਾਡੇ ਪਹਿਲੇ ਸ਼ੁਰੂਆਤੀ ਸਾਲਾਂ ਨੂੰ ਪ੍ਰਭਾਵਿਤ ਕੀਤਾ ਹੈ।’’
ਹਾਲਾਂਕਿ ਇਸ ਬੈਠਕ ਤੋਂ ਕੈਨੇਡੀਅਨਾਂ ਨੂੰ ਬਹੁਤ ਆਸਾਂ ਸਨ ਕਿ ਸਰਕਾਰ ਵਲੋਂ ਦੇਸ਼ ’ਚ ਚੱਲ ਰਹੇ ਗੰਭੀਰ ਰਿਹਾਇਸ਼ੀ ਸੰਕਟ ਬਾਰੇ ਕੋਈ ਨਵੀਂ ਯੋਜਨਾ ਦਾ ਐਲਾਨ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਪ੍ਰਧਾਨ ਮੰਤਰੀ ਜਸਿਟਨ ਟਰੂਡੋ ਅਤੇ ਉਨ੍ਹਾਂ ਦੀ ਕੈਬਨਿਟ ਦੇ 38 ਮੰਤਰੀਆਂ ’ਚੋਂ ਵਧੇਰੇ ਇਸ ਹਫ਼ਤੇ ਚਾਰਲੇਟਟਾਊਵ ਤੱਟ ’ਤੇ ਇੱਕ ਹੋਟਲ ’ਚ ਰਹੇ, ਜਿੱਥੇ ਕਿ ਉਨ੍ਹਾਂ ਨੇ ਕਿਫ਼ਾਇਤੀ ਰਿਹਾਇਸ਼ਟੀ ਸੰਕਟ ਦੇ ਕਾਰਨਾਂ ਬਾਰੇ ਨੀਤੀ ਮਾਹਰਾਂ ਰਿਹਾਇਸ਼ ਮਾਹਰਾਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਸਰਕਾਰ ਇਸ ਦਾ ਹੱਲ ਕਰਨ ਲਈ ਵਿਸ਼ੇਸ਼ ਤੌਰ ’ਤੇ ਕੀ ਕਰ ਸਕਦੀ ਹੈ। ਪਰ ਇਸ ਬੈਠਕ ਦੇ ਅੰਤ ’ਚ ਉਨ੍ਹਾਂ ਦਾ ਮੁੱਖ ਸੰਦੇਸ਼ ਕੈਨੇਡੀਅਨਾਂ ਨੂੰ ਤਿਆਰ ਰਹਿਣ ਲਈ ਕਹਿਣਾ ਸੀ।
ਇਨ੍ਹਾਂ ਗੱਲਾਂ ’ਤੇ ਚਾਨਣਾਂ ਪਾਉਣ ਮਗਰੋਂ ਕਿ ਸਰਕਾਰ ਨੇ ਹੁਣ ਤੱਕ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਕੀਤਾ ਹੈ, ਘਰ ਖਰੀਦਣ ਲਈ ਬੱਚਤ ਕਰਨ ਦੇ ਤਰੀਕਿਆਂ ਦੀ ਪੇਸ਼ਕਸ਼ ਤੋਂ ਲੈ ਕੇ ਵਿਦਿਆਰਥੀ ਕਰਜ਼ੇ ’ਤੇ ਵਿਆਜ ਖ਼ਤਮ ਕਰਨ ਤੱਕ, ਟਰੂਡੋ ਨੇ ਕਿਹਾ, ‘‘ਅਜੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ।’’
ਉਨ੍ਹਾਂ ਕਿਹਾ ਕਿ ਕੈਨੇਡੀਅਨਾਂ ਦਾ ਆਪਣੀਆਂ ਆਰਥਿਕ ਪਰੇਸ਼ਾਨੀਆਂ ਲਈ ਕਿਸੇ ਨੂੰ ਦੋਸ਼ੀ ਠਹਿਰਾਉਣਾ “ਬਿਲਕੁਲ ਸੁਭਾਵਕ”ਹੈ। ਪਰ ਨਾਲ ਹੀ ਉਨ੍ਹਾਂ ਨੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਾ ਬਚਾਅ ਵੀ ਕੀਤਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ਮੈਨੂੰ ਲਗਦਾ ਹੈ ਕਿ ਕੈਨੇਡੀਅਨ ਕਾਫ਼ੀ ਚਿੰਤਤ ਹਨ ਅਤੇ ਇਸ ਲਈ ਕਿਸੇ ਨੂੰ ਵੀ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਇਹ ਬਿਲਕੁਲ ਸੁਭਾਵਕ ਅਤੇ ਬਿਲਕੁਲ ਸਹੀ ਹੈ। ਉਨ੍ਹਾਂ ਕਿਹਾ ਕਿ, ਕੈਨੇਡੀਅਨ ਇਹ ਸਵਾਲ ਵੀ ਪੁੱਛ ਰਹੇ ਹਨ ਕਿ ਕੀ ਅਸੀਂ ਇਸ ਨੂੰ ਠੀਕ ਕਰਨ ਦੇ ਯੋਗ ਹੋ ਜਾਵਾਂਗੇ? ਕੀ ਅਸੀਂ ਇੱਕ ਦੇਸ਼ ਵਜੋਂ ਇਸ ਵਿੱਚੋਂ ਲੰਘਣ ਦੇ ਯੋਗ ਹੋਵਾਂਗੇ? ਮੇਰਾ ਜਵਾਬ ਹੈ, ਬਿਲਕੁਲ !
ਹਾਲਾਂਕਿ ਟਰੂਡੋ ਨੇ ਕੁਝ ਮੁੱਦਿਆਂ ’ਤੇ ਆਪਣੇ ਕਾਕਸ ਦੇ ਕੁਝ ਮੈਂਬਰਾਂ ਵਲੋਂ ਪ੍ਰਗਟਾਏ ਖ਼ਦਸ਼ਿਆਂ ਬਾਰੇ ਵੀ ਜ਼ਿਕਰ ਕੀਤਾ। ਹਾਲ ਹੀ ਦੀਆਂ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਕੁਝ ਲਿਬਰਲ ਸੰਸਦ ਮੈਂਬਰਾਂ ਨੂੰ ਇਹ ਖ਼ਦਸ਼ਾ ਹੈ ਕਿ ਵੋਟਰ ਟਰੂਡੋ ਤੋਂ ਅੱਕ ਗਏ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਲੋਕਾਂ ਦੀ ਵਧਦੀ ਮਹਿੰਗਾਈ ਦੀ ਚਿੰਤਾ ਪ੍ਰਤੀ ਫ਼ਿਕਰਮੰਦ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ਹਾਂ, ਲੋਕ ਔਖੇ ਸਮਿਆਂ ਦਾ ਸਾਹਮਣਾ ਕਰ ਰਹੇ ਹਨ, ਅਤੇ ਹਾਂ, ਹਰ ਕਿਸੇ ਨੂੰ ਇਸ ਸਮੇਂ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸਤਦਾਨ ਹੋਣਾ ਇਸ ਸਮੇਂ ਸੌਖਾ ਨਹੀਂ।
ਇਨ੍ਹਾਂ ਖ਼ਦਸ਼ਿਆਂ ਦਾ ਨਿਪਟਾਰਾ ਹੀ ਤਿੰਨ ਰੋਜ਼ਾ ਕੈਬਿਨੇਟ ਬੈਠਕ ਦੇ ਮੁੱਖ ਉਦੇਸ਼ਾਂ ਵਿਚੋਂ ਇੱਕ ਸੀ। ਹਾਊਸਿੰਗ ਸੰਕਟ ਇਸ ਕੈਬਿਨੇਟ ਬੈਠਕ ਦੇ ਅਹਿਮ ਮੁੱਦਿਆਂ ਵਿਚ ਸ਼ਾਮਲ ਸੀ, ਜਿਸ ਬਾਰੇ ਮਾਹਰਾਂ ਤੇ ਕੁਝ ਸੰਸਦ ਮੈਂਬਰਾਂ ਦੀ ਰਾਏ ਹੈ ਕਿ ਲਿਬਰਲ ਪਾਰਟੀ ਇਸ ਮੁੱਦੇ ‘ਤੇ ਵੋਟਰਾਂ ਨਾਲ ਇੱਕ ਸੁਰ ਨਹੀਂ ਹੈ। ਭਾਵੇਂ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਹੋਰ ਹਾਊਸਿੰਗ ਨਿਮਰਾਣ ਯਕੀਨੀ ਬਣਾਉਣ ਦੀ ਜ਼ਰੂਰਤ ਹੋਵੇਗੀ, ਪਰ ਕੈਬਿਨੇਟ ਬੈਠਕ ਤੋਂ ਕਿਸੇ ਨਵੇਂ ਹਾਊਸਿੰਗ ਪਲਾਨ ਦੀ ਵਚਨਬੱਧਤਾ ਨਹੀਂ ਆਈ।