ਬਾਰਾਮੂਲਾ ਵਿਚ ਹੋਏ ਗਰਨੇਡ ਹਮਲੇ ‘ਚ ਦੋ ਜਵਾਨ ਜ਼ਖ਼ਮੀ

ਸ੍ਰੀਨਗਰ : ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਹੋਏ ਇਕ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐਫ. ਦੇ ਦੋ ਜਵਾਨ ਅਤੇ ਇਕ ਸਥਾਨਕ ਨਾਗਰਿਕ ਜ਼ਖ਼ਮੀ ਹੋ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਅੱਤਵਾਦੀਆਂ ਨੇ ਜੰਮੂ -ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਸੀਆਰਪੀਐਫ ਅਤੇ ਜੰਮੂ -ਕਸ਼ਮੀਰ ਪੁਲਿਸ ਦੀ ਸਾਂਝੀ ਟੀਮ ਵੱਲ ਗ੍ਰੇਨੇਡ ਸੁੱਟਿਆ

ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਨੇ ਬਾਰਾਮੂਲਾ ਕਸਬੇ ਦੇ ਖਾਨਪੋਰਾ ਇਲਾਕੇ ਵਿਚ ਸੀਆਰਪੀਐਫ ਅਤੇ ਪੁਲਿਸ ਪਾਰਟੀ ‘ਤੇ ਗ੍ਰਨੇਡ ਸੁੱਟਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਹਮਲੇ ਵਿਚ ਸੀਆਰਪੀਐਫ ਦੇ 2 ਜਵਾਨ ਅਤੇ ਪੁਲਿਸ ਜਵਾਨ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਜੰਮੂ -ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਪਿਛਲੇ ਕੁਝ ਮਹੀਨਿਆਂ ਵਿਚ ਕਈ ਅੱਤਵਾਦੀਆਂ ਨੂੰ ਸਫਲਤਾਪੂਰਵਕ ਖਤਮ ਕਰ ਦਿੱਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ, ਜੰਮੂ-ਕਸ਼ਮੀਰ ਪੁਲਿਸ ਨੇ ਬਡਗਾਮ ਜ਼ਿਲ੍ਹੇ ਵਿਚ ਪਾਕਿਸਤਾਨ ਸਮਰਥਕ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਪੰਜ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ।

ਜ਼ਿਕਰਯੋਗ ਹੈ ਕਿ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ 24 ਜੁਲਾਈ ਨੂੰ ਇਕ ਕਮਾਂਡਰ ਪੱਧਰ ਦੀ ਮੀਟਿੰਗ ਵਿਚ ਡਰੋਨ ਦੀਆਂ ਗਤੀਵਿਧੀਆਂ ਨੂੰ ਲੈ ਕੇ ਪਾਕਿਸਤਾਨ ਰੇਂਜਰਾਂ ਨਾਲ ਸਖਤ ਵਿਰੋਧ ਜਤਾਇਆ ਸੀ।

ਟੀਵੀ ਪੰਜਾਬ ਬਿਊਰੋ