ਵਿਸ਼ਵ ਸ਼ਾਂਤੀ ਅਤੇ ਦੋਸਤੀ ਦਾ ਪੈਗਾਮ ਲੈ ਕੇ ਪੈਦਲ ਯਾਤਰਾ ‘ਤੇ ਨਿਕਲਿਆ ਮਹਾਰਾਸ਼ਟਰ ਦਾ ਨੌਜਵਾਨ

ਜਲੰਧਰ : ਮਹਾਤਮਾ ਗਾਂਧੀ ਦੀ 150 ਵੀਂ ਜਯੰਤੀ ਮਨਾਉਣ ਲਈ ਇੰਜੀਨੀਅਰ ਨਿਤਿਨ ਸੁਨਾਵਨੇ (30) ਹੁਣ ਤੱਕ ਪੈਦਲ ਅਤੇ ਸਾਈਕਲ ਰਾਹੀਂ ਦੁਨੀਆ ਭਰ ਦੀ ਯਾਤਰਾ ਕਰ ਰਿਹਾ ਹੈ ,ਇਸ ਮਿਸ਼ਨ ਤਹਿਤ ਉਹ 46 ਦੇਸ਼ਾਂ ਦੀ ਯਾਤਰਾ ਕਰ ਚੁੱਕਾ ਹੈ। ਉਸ ਦਾ ਜਨਮ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਕਸਬੇ ਰਾਸ਼ੀਨ ਵਿਚ ਹੋਇਆ। ਉਸ ਨੇ ਮੁੱਢਲੀ ਵਿਦਿਆ ਪਿੰਡ ਵਿਚ ਹੀ ਪ੍ਰਾਪਤ ਕੀਤੀ। ਉਹ ਹਿੰਦੂ ਪਰਿਵਾਰ ਵਿਚ ਪੈਦਾ ਹੋਇਆ ਪਰ ਬਾਅਦ ਵਿਚ ਉਸ ਦੀ ਮਾਂ ਨੇ ਈਸਾਈ ਧਰਮ ਅਪਨਾ ਲਿਆ ਅਤੇ ਉਸ ਦੇ ਪਿਤਾ ਰਮਜ਼ਾਨ ਵਿੱਚ ਵਰਤ ਰੱਖ ਰਹੇ ਸਨ। ਉਸ ਦੀ ਦਾਦੀ ਸਿੱਖ ਧਰਮ ਦੇ ਇਕ ਪੰਥ ਨੂੰ ਮੰਨਦੀ ਸੀ।

ਉਸ ਨੇ ਆਪਣੀ ਯਾਤਰਾ 18 ਨਵੰਬਰ 2016 ਨੂੰ ਸਾਈਕਲ ਦੁਆਰਾ ਸੇਵਾਗਰਾਮ, ਵਰਧਾ ਵਿਖੇ ਗਾਂਧੀ ਆਸ਼ਰਮ ਤੋਂ ਸ਼ੁਰੂ ਕੀਤੀ। ਇਸ ਤੋਂ ਬਾਅਦ ਥਾਈਲੈਂਡ, ਕੰਬੋਡੀਆ, ਵੀਅਤਨਾਮ, ਚੀਨ, ਹਾਂਗਕਾਂਗ, ਜਪਾਨ (ਟੋਕੀਓ ਤੋਂ ਹੀਰੋਸ਼ੀਮਾ ਤੱਕ), ਦੱਖਣੀ ਕੋਰੀਆ, ਯੂਐਸਏ, ਮੈਕਸੀਕੋ, ਗੁਆਟੇਮਾਲਾ, ਪਨਾਮਾ, ਕੋਲੰਬੀਆ,ਪੇਰੂ, ਦੱਖਣੀ ਅਮਰੀਕਾ ਤੋਂ ਬਾਅਦ ਉਹ ਦੱਖਣੀ ਅਫਰੀਕਾ ਗਿਆ ਅਤੇ ਦੱਖਣੀ ਅਫਰੀਕਾ, ਜ਼ਿੰਬਾਬਵੇ, ਤਨਜ਼ਾਨੀਆ, ਰਵਾਂਡਾ, ਯੂਗਾਂਡਾ, ਕੀਨੀਆ, ਇਥੋਪੀਆ, ਸੁਡਾਨ, ਮਿਸਰ, ਇੰਗਲੈਂਡ, ਸਕਾਟਲੈਂਡ, ਆਇਰਲੈਂਡ, ਜਰਮਨੀ, ਸਪੇਨ, ਪੁਰਤਗਾਲ, ਜਾਰਜੀਆ, ਤੁਰਕੀ, ਸਰਬੀਆ ਤੋਂ ਤੁਰਨਾ ਸ਼ੁਰੂ ਕੀਤਾ ਇਸਤੋਂ ਬਾਅਦ ਮੈਸੇਡੋਨੀਆ, ਅਲਬਾਨੀਆ, ਕਿਰਗਿਸਤਾਨ, ਉਜ਼ਬੇਕਿਸਤਾਨ, ਅਫਗਾਨਿਸਤਾਨ ਦੀ ਯਾਤਰਾ ਕੀਤੀ।

ਅੱਜ ਕੱਲ੍ਹ ਨਿਤਿਨ ਪੰਜਾਬ ਦੇ ਦੌਰੇ ‘ਤੇ ਹੈ। ਉਸ ਨੇ 13 ਜੁਲਾਈ ਨੂੰ ਵਾਹਗਾ ਬਾਰਡਰ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ ਹੈ। ਉਹ ਵਾਹਗਾ ਬਾਰਡਰ ਤੋਂ ਅੰਮ੍ਰਿਤਸਰ ,ਟਾਂਗਰਾ, ਸੁਭਾਨਪੁਰ ਹੁੰਦਾ ਹੋਇਆ ਜਲੰਧਰ ਪੁੱਜਾ। ਇਥੇ ਉਹ ਨੈਸ਼ਨਲ ਯੂਥ ਪ੍ਰੋਜੈਕਟ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ ਕਲੇਰ ਨੂੰ ਮਿਲੇ ਤੇ ਲੰਬਾ ਸਮਾਂ ਪੰਜਾਬ ਦੀਆ ਯੁਵਾ ਸਰਗਰਮੀਆਂ ਬਾਰੇ ਚਰਚਾ ਕੀਤੀ। ਜਲੰਧਰ ਪਹੁੰਚਣ ‘ਤੇ ਵੱਖ ਵੱਖ ਜਥੇਬੰਦੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਵਾਗਤ ਕਰਨ ਵਾਲਿਆਂ ਵਿਚ ਇੰਦਰਈਸ਼ ਚੱਢਾ, ਵਿਕਾਸ ਗਰੋਵਰ, ਡਾਕਟਰ ਰਾਜੇਸ਼ ਬੱਬਰ, ਨਰੇਸ਼ ਸ਼ਰਮਾ ਸ਼ਾਮਿਲ ਸਨ। ਇਸ ਤੋਂ ਬਾਅਦ ਉਹ ਹੁਸ਼ਿਆਰਪੁਰ, ਮੁਬਾਰਿਕਪੁਰ (ਹਿਮਾਚਲ ਪ੍ਰਦੇਸ਼), ਦੇਹਰਾ, ਕਾਂਗੜਾ, ਧਰਮਸ਼ਾਲਾ ਹੁੰਦਾ ਹੋਇਆ ਜੰਮੂ, ਉਧਮਪੁਰ, ਕਾਜ਼ੀਗੁੰਡ, ਅਨੰਤਨਾਗ, ਪੁਲਵਾਮਾ ਤੋਂ ਸ੍ਰੀਨਗਰ ਪੁਜੇਗਾ।

ਟੀਵੀ ਪੰਜਾਬ ਬਿਊਰੋ