Greensburg- ਅਮਰੀਕਾ ਦੇ ਗਰੀਨਜ਼ਬਰਗ ਨੂੰ ਇੱਕ ਸਕੂਲ ’ਚ ਹੋਈ ਗੋਲੀਬਾਰੀ ’ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਗੋਲੀਬਾਰੀ ਮੰਗਲਵਾਰ ਦੁਪਹਿਰ ਕਰੀਬ 3.30 ਵਜੇ ਹੋਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਗੋਲੀਬਾਰੀ ਦੀ ਇਸ ਘਟਨਾ ਮਗਰੋਂ ਸਕੂਲ ’ਚ ਸਾਰੀਆਂ ਕਲਾਸਾਂ ਰੱਦ ਕਰ ਦਿੱਤੀ ਗਈਆਂ। ਅਧਿਕਾਰੀਆਂ ਨੇ ਅਜੇ ਤੱਕ ਮਿ੍ਰਤਕਾਂ ਜਾਂ ਜ਼ਖ਼ਮੀਆਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਜ਼ਖ਼ਮੀ ਵਿਦਿਆਰਥੀਆਂ ’ਚੋਂ ਇੱਕ ਨੂੰ ਗੰਭੀਰ ਹਾਲਤ ਦੇ ਚੱਲਦਿਆਂ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਇਸ ਘਟਨਾ ਦੇ ਸੰਬੰਧ ’ਚ ਇੱਕ ਸ਼ੱਕੀ ਹਮਲਾਵਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਹੜਾ ਕਿ ਇੱਕ 14 ਸਾਲਾ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸੰਵੇਦਨਸ਼ੀਲ ਘਟਨਾ ਹੈ ਅਤੇ ਉਨ੍ਹਾਂ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੇ ਪਿੱਛੇ ਦਾ ਮਕਸਦ ਅਜੇ ਤੱਕ ਸਪਸ਼ਟ ਨਹੀਂ ਹੈ ਅਤੇ ਜਾਂਚ ਮਗਰੋਂ ਹੀ ਇਸ ਬਾਰੇ ’ਚ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉੱਧਰ ਗੋਲੀਬਾਰੀ ਦੀ ਇਸ ਘਟਨਾ ’ਚ ਗਵਰਨਰ ਜਾਨ ਬੇਲ ਨੇ ਵੀ ਨਿਖੇਧੀ ਕੀਤੀ ਹੈ। ਸਕੂਲ ਪ੍ਰਬੰਧਨ ਨੇ ਕਿਹਾ ਹੈ ਕਿ ਇਸ ਵਾਰਦਾਤ ਦੇ ਮਗਰੋਂ ਸ਼ੁੱਕਰਵਾਰ ਤੱਕ ਸਾਰੀਆਂ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਹਨ।