ਬ੍ਰਿਟਿਸ਼ ਕੋਲੰਬੀਆ ’ਚ ਜੰਗਲੀ ਅੱਗ ਦਾ ਕਹਿਰ ਲਗਾਤਾਰ ਜਾਰੀ, ਸ਼ੁਸਵੈਪ ’ਚ ਤਬਾਹ ਹੋਈਆਂ ਕਈ ਇਮਾਰਤਾਂ

Shuswap- ਬੀ. ਸੀ. ਦੇ ਉੱਤਰੀ ਸ਼ੁਸਵੈਪ ਖੇਤਰ ’ਚ ਇੱਕ ਫਸਟ ਨੇਸ਼ਨ ਬੁਸ਼ ਕਰੀਕ ਈਸਟ ਜੰਗਲੀ ਅੱਗ ਦੇ ਇਸ ਖੇਤਰ ’ਚ ਗੁਜ਼ਰਨ ਦੇ ਨਤੀਜੇ ਵਜੋਂ ਵਿਨਾਸ਼ਕਾਰੀ ਨੁਕਸਾਨ ਨਾਲ ਨਜਿੱਠ ਰਿਹਾ ਹੈ।
ਕੈਨੇਡਾ ਟਾਸਕ ਫੋਰਸ 1 ਵਲੋਂ ਨੁਕਸਾਨ ਦੇ ਮੁਲਾਂਕਣ ਬਾਰੇ ਦਿੱਤੀ ਜਾਣਕਾਰੀ ਮੁਤਾਬਕ ਲਿਟਲ ਸ਼ੁਸਵੈਪ ਝੀਲ ’ਤੇ ਸਥਿਤ, ਸਕਵਾਲੈਕਸ ਟੇ ਸੇਕਵੇਪੇਮਕੁਲੇਕਵ ’ਚ ਸਾਰੀਆਂ ਇਮਾਰਤਾਂ ਦਾ ਇੱਕ ਤਿਹਾਈ ਹਿੱਸਾ, ਅੱਗ ਨਾਲ ਤਬਾਹ ਹੋ ਗਿਆ ਹੈ। ਸੰਚਾਰ ਕੋਆਰਡੀਨੇਟਰ ਲੈਰੀ ਰੀਡ ਨੇ ਸ਼ਨੀਵਾਰ ਨੂੰ ਕੋਲੰਬੀਆ-ਸ਼ੁਸਵੈਪ ਰੀਜਨਲ ਡਿਸਟ੍ਰਿਕਟ ’ਚ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ ਮਿਲਾ ਕੇ, ਫਸਟ ਨੇਸ਼ਨ ’ਚ 85 ਢਾਂਚੇ ਖਤਮ ਹੋ ਗਏ ਹਨ ਅਤੇ 13 ਅੰਸ਼ਕ ਤੌਰ ’ਤੇ ਨੁਕਸਾਨੇ ਗਏ ਹਨ। ਉੱਥੇ ਹੀ ਬਾਕੀ 139 ਇਮਾਰਤਾਂ ਦਾ ਨੁਕਸਾਨ ਤੋਂ ਬਚਾਅ ਰਿਹਾ।
ਰੀਡ ਨੇ ਕਿਹਾ, “ਇਹ ਬੈਂਡ ਲਈ ਬਹੁਤ ਦੁਖਦਾਈ ਹਫ਼ਤਾ ਰਿਹਾ ਹੈ। ਅਸੀਂ ਬੁੱਧਵਾਰ ਨੂੰ ਇੱਕ ਵਿਸ਼ੇਸ਼ ਬੈਂਡ ਮੀਟਿੰਗ ਕੀਤੀ, ਜਿੱਥੇ ਬੈਂਡ ਦੇ ਮੈਂਬਰਾਂ ਨੇ ਖ਼ੁਦ ਪਤਾ ਲਗਾਇਆ ਕਿ ਕਿਸੇ ਦੇ ਘਰ ਬਚ ਗਏ ਹਨ ਅਤੇ ਕਿਨ੍ਹਾਂ ਨੇ ਆਪਣੇ ਘਰ ਗੁਆ ਲਏ ਹਨ। ਇਹ ਬਹੁਤ ਭਾਵੁਕ ਸਮਾਂ ਸੀ।’’ ਉਨ੍ਹਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਬੈਂਡ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਉਨ੍ਹਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਰੀਡ ਨੇ ਕਿਹਾ ਕਿ ਇਸ ਸਮੇਂ ਨੁਕਸਾਨੇ ਗਏ ਘਰਾਂ ਨੂੰ ਮੁੜ ਬਣਾਉਣ ਦੀ ਯੋਜਨਾ ਬਣਾਉਣ ਲਈ ਇੱਕ ਕਮੇਟੀ ਬਣਾਈ ਜਾ ਰਹੀ ਹੈ। ਦੱਸ ਦਈਏ ਕਿ ਬੈਂਡ ਦੇ ਲਗਭਗ 350 ਮੈਂਬਰ ਫਿਲਹਾਲ ਖੇਤਰ ਦੇ ਆਲੇ-ਦੁਆਲੇ ਖਿੰਡੇ ਹੋਏ ਹਨ, ਕੁਝ ਸਾਲਮਨ ਆਰਮ ’ਚ ਅਤੇ ਕੁਝ ਕੈਮਲੂਪਸ ’ਚ।