ਟੋਰਾਂਟੋ ’ਚ ਹਾਈ ਸਕੂਲ ਨੇੜੇ ਹੋਈ ਛੁਰੇਬਾਜ਼ੀ, 17 ਸਾਲਾ ਲੜਕਾ ਗੰਭੀਰ ਜ਼ਖ਼ਮੀ

Toronto- ਵੀਰਵਾਰ ਦੁਪਹਿਰ ਨੂੰ ਟੋਰਾਂਟੋ ਦੇ ਇੱਕ ਹਾਈ ਸਕੂਲ ਨੇੜੇ ਵਾਪਰੀ ਚਾਕੂ ਮਾਰਨ ਦੀ ਘਟਨਾ ’ਚ ਇੱਕ 17 ਸਾਲਾ ਲੜਕਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਦੁਪਹਿਰ 1 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ, ਸੇਂਟ ਕਲੇਅਰ ਐਵੇਨਿਊ ਵੈਸਟ ਅਤੇ ਓਕਵੁੱਡ ਐਵੇਨਿਊ ਦੇ ਖੇਤਰ ’ਚ ਓਕਵੁੱਡ ਕਾਲਜੀਏਟ ਇੰਸਟੀਚਿਊਟ ’ਚ ਸੱਦਿਆ ਗਿਆ ਸੀ।
ਜਦੋਂ ਅਧਿਕਾਰੀ ਮੌਕੇ ’ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਪੌੜੀਆਂ ’ਚ ਇੱਕ 17 ਸਾਲਾ ਜ਼ਖ਼ਮੀ ਹਾਲਤ ’ਚ ਮਿਲਿਆ ਅਤੇ ਉਸ ਦੇ ਸਰੀਰ ਦੇ ਵਿਚਕਾਰਲੇ ਹਿੱਸੇ ’ਚ ਚਾਕੂ ਨਾਲ ਵਾਰ ਕੀਤਾ ਗਿਆ ਸੀ। ਇਸ ਮਗਰੋਂ ਉਸ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਟੋਰਾਂਟੋ ਪੁਲਿਸ ਨੇ ਸ਼ੁਰੂ ’ਚ ਸੰਕੇਤ ਦਿੱਤਾ ਸੀ ਕਿ ਛੁਰੇਬਾਜ਼ੀ ਦੀ ਇਹ ਘਟਨਾ ਸਕੂਲ ਦੇ ਅੰਦਰ ਵਾਪਰੀ ਸੀ ਪਰ ਬਾਅਦ ’ਚ ਇੱਕ ਅਪਡੇਟ ’ਚ, ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਲੱਗਦਾ ਹੈ ਕਿ ਇਹ ਮਾਮਲਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਊਟੀ ਇੰਸਪੈਕਟਰ ਪੀਟਰ ਵੇਹਬੀ ਨੇ ਕਿਹਾ ਕਿ ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੀੜਤ ਸਕੂਲ ਦਾ ਇੱਕ ਵਿਦਿਆਰਥੀ ਸੀ, ਅਤੇ ਉਸ ਨੂੰ ਸਕੂਲ ਤੋਂ ਬਾਹਰ ਚਾਕੂ ਮਾਰਿਆ ਗਿਆ ਸੀ। ਇਸ ਮਗਰੋਂ ਉਹ ਮਦਦ ਲੈਣ ਲਈ ਸਕੂਲ ਵੱਲ ਭੱਜਿਆ।
ਵੇਹਬੀ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਨਹੀਂ ਹੈ ਕਿ ਇਹ ਘਟਨਾ ਸਕੂਲ ਦੀ ਜਾਇਦਾਦ ’ਤੇ ਵਾਪਰੀ। ਪੁਲਿਸ ਵਲੋਂ ਸ਼ੱਕੀ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਵੇਹਬੀ ਨੇ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ’ਚ ਹੈ, ਇਸ ਲਈ ਘਟਨਾ ਦੇ ਅਸਲੀ ਕਾਰਨਾਂ ਬਾਰੇ ਦੱਸਣਾ ਜਲਦਬਾਜ਼ੀ ਹੋਵੇਗਾ।