ਕਿਊਬਕ ’ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਦੋ ਲੋਕ ਲਾਪਤਾ

Montreal- ਕਿਊਬਕ ਦੇ ਦੱਖਣ-ਪੱਛਮ ’ਚ ਸੇਂਟ ਲਾਰੈਂਸ ਨਦੀ ’ਚ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਦੋ ਲੋਕ ਲਾਪਤਾ ਹੋ ਗਏ। ਕਿਊਬਕ ਸੂਬਾ ਪੁਲਿਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਦੇ ਬੁਲਾਰੇ ਸਾਰਜੈਂਟ ਨੈਨਸੀ ਫੋਰਨੀਅਰ ਨੇ ਕਿਹਾ ਕਿ ਅਧਿਕਾਰੀਆਂ ਨੂੰ ਮੰਗਲਵਾਰ ਰਾਤੀਂ ਕਰੀਬ 8 ਵਜੇ ਨਿਊਵਿਲੇ ਅਤੇ ਸੇਂਟ-ਐਂਟਨੀ-ਡੀ-ਟਿਲੀ ਵਿਚਾਲੇ ਪਾਣੀ ’ਚ ਇੱਕ ਫਲੋਟ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਚਨਾ ਮਿਲੀ। ਇਸ ਮਗਰੋਂ ਜਹਾਜ਼ ਦੀ ਤਲਾਸ਼ ਲਈ ਪੁਲਿਸ ਅਧਿਕਾਰੀਆਂ, ਫਾਇਰਫਾਈਟਰਜ਼ਾਂ ਅਤੇ ਤੱਟ ਰੱਖਿਆ ਬਲ ਦੇ ਮੈਂਬਰਾਂ ਵਲੋਂ ਫੌਜ ਦੀ ਮਦਦ ਨਾਲ ਸਰਚ ਆਪਰੇਸ਼ਨ ਚਲਾਇਆ ਗਿਆ। ਫੋਰਨੀਅਰ ਨੇ ਕਿਹਾ ਕਿ ਉਨ੍ਹਾਂ ਨੂੰ ਜਹਾਜ਼ ਦਾ ਮਲਬਾ ਤਾਂ ਮਿਲ ਗਿਆ ਹੈ ਪਰ ਅਜੇ ਤੱਕ ਜਹਾਜ਼ ਦਾ ਵੱਡਾ ਹਿੱਸਾ ਨਹੀਂ ਮਿਲਿਆ। ਇਸ ਦੇ ਨਾਲ ਹੀ ਜਹਾਜ਼ ’ਚ ਸਵਾਰ ਦੋਵੇਂ ਵਿਅਕਤੀ ਵੀ ਅਜੇ ਲਾਪਤਾ ਹਨ, ਜਿਨ੍ਹਾਂ ਦੀ ਤਲਾਸ਼ ਵੀ ਚੱਲ ਰਹੀ ਹੈ। ਦੋਹਾਂ ਦੀ ਉਮਰ 55 ਅਤੇ 57 ਸਾਲ ਹੈ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਪਤਾ ਅਜੇ ਨਹੀਂ ਲੱਗ ਸਕਿਆ ਹੈ।