ਅਮਰੀਕਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਦੋ ਸਕੂਲੀ ਵਿਦਿਆਰਥਣਾਂ ਦੀ ਮੌਤ, ਤਿੰਨ ਹੋਰ ਜ਼ਖ਼ਮੀ

Washington- ਵੀਰਵਾਰ ਸਵੇਰੇ ਬਾਰਟਲੇਟ ’ਚ ਇੱਕ 2002 ਹੌਂਡਾ ਸਿਵਿਕ ਗੱਡੀ ਦੇ ਇੱਕ ਡੰਪ ਟਰੱਕ ਨਾਲ ਟਕਰਾਅ ਜਾਣ ਕਾਰਨ ਦੋ ਲੜਕੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੀੜਤ ਲੜਕੀਆਂ ਸਾਊਥ ਐਲਗਿਨ ਹਾਈ ਸਕੂਲ ਦੀਆਂ ਵਿਦਿਆਰਥਣਾਂ ਸਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਆਈ. ਐਲ. ਰੂਟ 25 ਅਤੇ ਕੀਨਨ ਰੋਡ ਦੇ ਚੌਰਾਹੇ ’ਤੇ ਵਾਪਰਿਆ। ਪੁਲਿਸ ਮੁਤਾਬਕ ਜ਼ਖ਼ਮੀ ਟਰੱਕ ਚਾਲਕ ਅਤੇ ਵਿਦਿਆਰਥਣਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ, ਜਿਨ੍ਹਾਂ ’ਚੋਂ ਇੱਕ ਵਿਦਿਆਰਥਣ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਹੌਂਡਾ ’ਚ ਸਵਾਰ ਇੱਕ ਵਿਦਿਆਰਥਣ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਦਿਆਰਥਣ ਨੇ ਹਸਪਤਾਲ ’ਚ ਜਾ ਕੇ ਦਮ ਤੋੜ ਦਿੱਤਾ।
ਦੱਖਣੀ ਐਲਗਿਨ ਅਤੇ ਕੰਟਰੀਸਾਈਡ ਫਾਇਰ ਡਿਪਾਰਟਮੈਂਟ ਨੇ ਇੱਕ ਪ੍ਰੈੱਸ ਰਿਲੀਜ਼ ’ਚ ਦੱਸਿਆ ਕਿ ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਨੂੰ ਵਿਦਿਆਰਥਣਾਂ ਨੂੰ ਗੱਡੀ ’ਚੋਂ ਬਾਹਰ ਕੱਢਣ ’ਚ ਕਾਫ਼ੀ ਮਸ਼ੱਕਤ ਕਰਨੀ ਪਈ। ਵਿਦਿਆਰਥਣਾਂ ਨੂੰ ਛੱਤ ਪਾੜ ਕੇ ਗੱਡੀ ’ਚੋਂ ਬਾਹਰ ਕੱਢਿਆ ਗਿਆ। ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਜਾਂਚਕਰਤਾ ਇਸ ਦੀ ਜਾਂਚ ਕਰ ਰਹੇ ਹਨ।
ਉੱਧਰ ਇਸ ਹਾਦਸੇ ਤੋਂ ਬਾਅਦ ਸਕੂਲ ਡਿਸਟ੍ਰਿਕਟ U-46 ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰੀ ਦਿਲ ਨਾਲ ਅਸੀਂ ਆਪਣੇ ਦੱਖਣੀ ਐਲਗਿਨ ਹਾਈ ਸਕੂਲ ਪਰਿਵਾਰ ’ਚ ਹੋਏ ਨੁਕਸਾਨ ਬਾਰੇ ਲਿਖਦੇ ਹਾਂ। ਅੱਜ ਸਵੇਰੇ ਸਾਊਥ ਐਲਗਿਨ ਹਾਈ ਸਕੂਲ ਦੀਆਂ ਚਾਰ ਵਿਦਿਆਰਥਣਾਂ ਕਾਰ ਹਾਦਸੇ ਦਾ ਸ਼ਿਕਾਰ ਹੋ ਗਈਆਂ। ਸਾਡੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਮੁਤਾਬਕ ਹਾਦਸੇ ’ਚ ਦੋ ਵਿਦਿਆਰਥਣਾਂ ਦੀ ਮੌਤ ਗਈ ਅਤੇ ਹੋਰਾਂ ’ਚੋਂ ਇੱਕ ਦੀ ਹਾਲਤ ਗੰਭੀਰ ਹੈ ਅਤੇ ਉਸ ਦਾ ਇਲਾਜ ਖੇਤਰ ਦੇ ਹਸਪਤਾਲ ’ਚ ਕੀਤਾ ਜਾ ਰਿਹਾ ਹੈ ਅਤੇ ਚੌਥੀ ਵਿਦਿਆਰਥਣ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਹਨ। ਬਿਆਨ ’ਚ ਪ੍ਰਸ਼ਾਸਨ ਵਲੋਂ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਵੀ ਪ੍ਰਗਟਾਈ ਗਈ ਹੈ।