ਪੁਲਿਸ ਨੇ 20,000 ਡਾਲਰ ਦੀ ਫੈਂਟਾਨਿਲ ਸਣੇ ਵਿਅਕਤੀ ਨੂੰ ਕੀਤਾ ਕਾਬੂ

Toronto- ਨਿਆਗਰਾ ਪੁਲਿਸ ਨੇ ਮੰਗਲਵਾਰ ਨੂੰ ਨਿਆਗਰਾ ਖੇਤਰ ’ਚ ਫੈਂਟਾਨਿਲ ਸਣੇ ਇੱਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਫੈਂਟਾਨਿਲ ਦੀ ਬਾਜ਼ਾਰੀ ਕੀਮਤ 20,000 ਡਾਲਰ ਦੱਸੀ ਜਾ ਰਹੀ ਹੈ। ਬੁੱਧਵਾਰ ਨੂੰ ਨਿਆਗਰਾ ਰੀਜਨਲ ਪੁਲਿਸ ਸਰਵਿਸ (NRPS) ਵਲੋਂ ਜਾਰੀ ਇੱਕ ਰੀਲੀਜ਼ ’ਚ ਦੱਸਿਆ ਗਿਆ ਕਿ ਗ੍ਰਿਫਤਾਰੀ ਮੰਗਲਵਾਰ, 7 ਨਵੰਬਰ ਨੂੰ ਹੋਈ, ਜਦੋਂ ਇੱਕ ਜਨਰਲ ਗਸ਼ਤ ਦੌਰਾਨ ਇੱਕ ਅਧਿਕਾਰੀ ਨੇ ਕਿੰਗ ਸਟਰੀਟ ’ਤੇ ਇੱਕ ਚਿੱਟੇ ਰੰਗ ਹੁੰਡਈ ਐਲਾਂਟਰਾ ਨੂੰ ਟਰੈਫਿਕ ’ਤੇ ਰੋਕਿਆ। ਪੁਲਿਸ ਨੇ ਰਿਲੀਜ਼ ’ਚ ਇਹ ਦੱਸਿਆ ਕਿ ਅਧਿਕਾਰੀ ਵਲੋਂ ਰੋਕੇ ਜਾਣ ਮਗਰੋਂ ਡਰਾਈਵਰ ਵਾਹਨ ’ਚੋਂ ਬਾਹਰ ਆ ਕੇ ਅਫ਼ਸਰ ਨਾਲ ਬਹਿਸ ਕਰਨ ਲੱਗ ਪਿਆ। ਪੁਲਿਸ ਮੁਤਾਬਕ ਪੁੱਛੇ ਜਾਣ ’ਤੇ ਉਹ ਆਪਣੀ ਪਹਿਚਾਣ ਦੱਸਣ ’ਚ ਅਸਫ਼ਲ ਰਿਹਾ ਅਤੇ ਇਸ ਦੀ ਬਜਾਏ ਉਸ ਨੇ ਜ਼ੁਬਾਨੀ ਆਪਣਾ ਨਾਂ ਪੇਸ਼ ਕੀਤਾ।
ਪੁਲਿਸ ਦਾ ਇਲਜ਼ਾਮ ਹੈ ਕਿ ਜਦੋਂ ਉਨ੍ਹਾਂ ਨੇ ਸਿਸਟਮ ਵਿੱਚ ਦਿੱਤੇ ਨਾਮ ਨੂੰ ਦਾਖਲ ਕੀਤਾ, ਤਾਂ ਆਵਾਜਾਈ ਮੰਤਰਾਲੇ ਦੇ ਡੇਟਾਬੇਸ ਵਿੱਚ ਕੋਈ ਮੇਲ ਨਹੀਂ ਮਿਲਿਆ। ਇਸ ਮਗਰੋਂ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।
ਪੁਲਿਸ ਮੁਤਾਬਕ ਮੁਲਜ਼ਮ ਦੀ ਪਹਿਚਾਣ ਇਟੋਬੀਕੋਕ ਨਿਵਾਸੀ 35 ਸਾਲਾ ਜਾਮਾ ਨਾਸਿਰ ਵਜੋਂ ਹੋਈ ਹੈ। ਅਫ਼ਸਰਾਂ ਨੇ ਜਦੋਂ ਨਾਸਿਰ ਦੇ ਵਾਹਨ ਦੀ ਤਲਾਸ਼ੀ ਲਈ ਅਤੇ ਕਥਿਤ ਤੌਰ ’ਤੇ ਉੱਥੋਂ 103 ਗ੍ਰਾਮ ਫੈਂਟਾਨਿਲ ਜ਼ਬਤ ਕੀਤਾ, ਜਿਸਦੀ ਕੀਮਤ ਲਗਭਗ 20,000 ਡਾਲਰ ਹੈ। ਜਦੋਂ ਅਧਿਕਾਰੀਆਂ ਨੇ ਉਸ ਦੀ ਫੋਟੋ ਪਹਿਚਾਣ ਚੈੱਕ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਪਹਿਲਾਂ ਆਪਣਾ ਨਾਂ ਜਾਅਲੀ ਦੱਸਿਆ ਸੀ।
ਨਾਸਿਰ ਵਿਰੁੱਧ ਤਸਕਰੀ ਦੇ ਉਦੇਸ਼ ਲਈ ਫੈਂਟਾਨਿਲ ਰੱਖਣ, ਅਦਾਲਤ ਦੇ ਹੁਕਮਾਂ ਦੀ ਉਲੰਘਣਾ ਅਤੇ ਇੱਕ ਸ਼ਾਂਤੀ ਅਧਿਕਾਰੀ ਦੇ ਕੰਮ ’ਚ ਰੁਕਾਵਟ ਦੇ ਦੋਸ਼ ਆਇਦ ਕੀਤੇ ਗਏ ਹਨ। ਮੁਲਜ਼ਮ ਬੁੱਧਵਾਰ ਨੂੰ ਸੇਂਟ ਕੈਥਰੀਨਜ਼ ’ਚ ਪੇਸ਼ ਕੀਤਾ ਗਿਆ।