ਅਮਰੀਕਾ ਦੇ ਸਿਆਟਲ ’ਚ ਹੋਈ ਗੋਲੀਬਾਰੀ ’ਚ ਤਿੰਨ ਲੋਕਾਂ ਦੀ ਮੌਤ, ਛੇ ਹੋਰ ਜ਼ਖ਼ਮੀ

Seattle- ਅਮਰੀਕਾ ’ਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਦੱਖਣੀ ਸਿਆਟਲ ’ਚ ਇੱਕ ਹੁੱਕਾ ਲਾਉਂਜ ’ਚ ਐਤਵਾਰ ਨੂੰ ਹੋਈ ਗੋਲੀਬਾਰੀ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖ਼ਮੀ ਹੋ ਗਏ। ਸਥਾਨਕ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਮਾਊਂਟ ਬੇਕਰ ਇਲਾਕੇ ’ਚ ਹੋਈ ਇਸ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਇਸ ਦੌਰਾਨ ਦੋ ਵਿਅਕਤੀ, ਜਿਨ੍ਹਾਂ ਦੀ ਉਮਰ ਕ੍ਰਮਵਾਰ 22 ਸਾਲ ਅਤੇ 33 ਸਾਲ ਸੀ, ਦੀ ਮੌਤ ਹੋ ਚੁੱਕੀ ਸੀ, ਜਦਕਿ ਇੱਕ 30 ਸਾਲਾ ਔਰਤ ਨੇ ਹਾਰਬਰਵਿਊ ਮੈਡੀਕਲ ਸੈਂਟਰ ’ਚ ਜਾ ਕੇ ਦਮ ਤੋੜ ਦਿੱਤਾ।
ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਜ਼ਖ਼ਮੀ ਹੋਏ ਬਾਕੀ ਛੇ ਵਿਅਕਤੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ, ਜਿਨ੍ਹਾਂ ’ਚੋਂ ਇੱਕ 23 ਸਾਲਾ ਵਿਅਕਤੀ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਉੱਥੇ ਬਾਕੀ ਪੰਜ ਪੀੜਤਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦੀ ਉਮਰ 21 ਸਾਲ ਤੋਂ 38 ਸਾਲ ਦਰਮਿਆਨ ਹੈ। ਹਾਲਾਂਕਿ ਪੁਲਿਸ ਵਲੋਂ ਪੀੜਤਾਂ ਦੇ ਨਾਂ ਅਜੇ ਜਾਰੀ ਨਹੀਂ ਕੀਤੇ ਗਏ ਹਨ।
ਜਾਂਚਕਰਤਾਵਾਂ ਵਲੋਂ ਗੋਲੀਬਾਰੀ ਦੇ ਕਾਰਨਾਂ ਦੇ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਲੋਂ ਮੌਕੇ ਤੋਂ ਪੰਜ ਬੰਦੂਕਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਇਸ ਗੋਲੀਬਾਰੀ ’ਚ ਸੰਭਾਵਿਤ ਸ਼ੱਕੀ ਜਾਂ ਸ਼ੱਕੀਆਂ ਦੇ ਨਾਂ ਅਜੇ ਜਾਰੀ ਨਹੀਂ ਕੀਤੇ ਹਨ। ਇਸ ਘਟਨਾ ਤੋਂ ਬਾਅਦ ਸਿਆਟਲ ਦੇ ਮੇਅਰ ਬਰੂਸ ਹੈਰੇਲ ਨੇ ਇੱਕ ਬਿਆਨ ’ਚ ਕਿਹਾ ਕਿ ਬੇਸ਼ੱਕ ਸਿਆਟਲ ਪੁਲਿਸ ਨੇ ਜੁਲਾਈ ’ਚ ਬੰਦੂਕਾਂ ਨੂੰ ਬਰਾਮਦ ਕਰਨ ਦੀ ਆਪਣੀ ਤੇਜ਼ ਅਤੇ ਰਿਕਾਰਡ ਗਤੀ ਨੂੰ ਕਾਇਮ ਰੱਖਿਆ ਹੈ ਪਰ ਅਜੇ ਵੀ ਗ਼ਲਤ ਹੱਥਾਂ ’ਚ ਗ਼ੈਰ-ਕਾਨੂੰਨੀ ਬੰਦੂਕਾਂ ਹਨ, ਜੋ ਕਿ ਇਸ ਤਰ੍ਹਾਂ ਦੇ ਹੋਰ ਦੁਖਾਂਤ ਨੂੰ ਭੜਕਾਉਣ ਲਈ ਵਰਤੀਆਂ ਜਾ ਸਕਦੀਆਂ ਹਨ।