ਵੱਖ ਵੱਖ 3 ਮੁੱਠਭੇੜਾਂ ਵਿਚ 5 ਅੱਤਵਾਦੀ ਢੇਰ

ਸ਼ੋਪੀਆਂ : ਜੰਮੂ-ਕਸ਼ਮੀਰ ਵਿਚ ਪੁੰਛ ਤੋਂ ਬਾਅਦ ਸ਼ੋਪੀਆਂ ਵਿਚ ਇਮਾਮ ਸਾਹਿਬ ਇਲਾਕੇ ਦੇ ਤੁਲਰਾਨ ਵਿਚ ਸ਼ੁਰੂ ਹੋਈ ਮੁੱਠਭੇੜ ਵਿਚ ਜਵਾਨਾਂ ਨੇ ਲਸ਼ਕਰੇ ਤਾਇਬਾ (ਟੀ.ਆਰ.ਐਫ.) ਦੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਵਿਚ 3 ਮੁੱਠਭੇੜਾਂ ਵਿਚ ਕੁੱਲ 5 ਅੱਤਵਾਦੀ ਮਾਰੇ ਗਏ ਹਨ। ਜੰਮੂ -ਕਸ਼ਮੀਰ ਦੇ ਵੱਖ -ਵੱਖ ਜ਼ਿਲ੍ਹਿਆਂ ਵਿਚ ਸੋਮਵਾਰ ਨੂੰ ਤਿੰਨ ਮੁਕਾਬਲਿਆਂ ਵਿਚ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ 24 ਘੰਟਿਆਂ ਵਿਚ 5 ਅੱਤਵਾਦੀ ਵੀ ਮਾਰੇ ਗਏ ਹਨ।

ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹੇ ਪੁੰਛ ਦੇ ਸੁਰਨਕੋਟ ਇਲਾਕੇ ਵਿਚ ਡੇਰਾ ਕੀ ਗਲੀ (ਡੀਕੇਜੀ) ਦੇ ਨੇੜੇ ਇੱਕ ਪਿੰਡ ਵਿੱਚ ਅੱਤਵਾਦੀਆਂ ਦੁਆਰਾ ਕੀਤੀ ਗਈ ਗੋਲੀਬਾਰੀ ਵਿਚ ਸੈਨਿਕ ਮਾਰੇ ਗਏ।

ਫ਼ੌਜ ਅਤੇ ਪੁਲਿਸ ਨੇ ਇੱਥੇ ਕੰਟਰੋਲ ਰੇਖਾ ਪਾਰ ਕਰਨ ਵਾਲੇ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਾਂਝੀ ਕਾਰਵਾਈ ਸ਼ੁਰੂ ਕੀਤੀ ਸੀ। ਅਨੰਤਨਾਗ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਵਿਚ ਮੁੱਠਭੇੜ ਦੌਰਾਨ ਦੋ ਅੱਤਵਾਦੀ ਮਾਰੇ ਗਏ ਅਤੇ ਇਕ ਪੁਲਿਸ ਕਰਮੀ ਜ਼ਖਮੀ ਹੋ ਗਿਆ।

ਇਕ ਰੱਖਿਆ ਬੁਲਾਰੇ ਨੇ ਇਥੇ ਇਕ ਬਿਆਨ ਵਿਚ ਕਿਹਾ, “ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ 10 ਅਤੇ 11 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਜੰਮੂ-ਕਸ਼ਮੀਰ ਦੇ ਪੁੰਛ-ਰਾਜੌਰੀ ਜ਼ਿਲ੍ਹਿਆਂ ਦੀ ਸਰਹੱਦ ਦੇ ਨੇੜੇ ਸ਼ਾਹਦਰਾ ਖੇਤਰ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਚਲਾਈ ਗਈ।

ਕਾਰਵਾਈ ਦੌਰਾਨ ਅੱਤਵਾਦੀਆਂ ਨੇ ਫੌਜ ਦੇ ਜਵਾਨਾਂ ‘ਤੇ ਭਾਰੀ ਗੋਲੀਬਾਰੀ ਕੀਤੀ ਜਿਸ ਨਾਲ ਇਕ ਜੇਸੀਓ ਅਤੇ ਚਾਰ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਨਾਇਬ ਸੂਬੇਦਾਰ (ਜੇਸੀਓ) ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਸਿਪਾਹੀ ਗੱਜਣ ਸਿੰਘ, ਸਾਰਜ ਸਿੰਘ ਅਤੇ ਵੈਸਾਖ ਐਚ ਉਨ੍ਹਾਂ ਸਿਪਾਹੀਆਂ ਵਿਚੋਂ ਸਨ ਜਿਨ੍ਹਾਂ ਨੇ ਮਹਾਨ ਕੁਰਬਾਨੀ ਦਿੱਤੀ।

ਬੁਲਾਰੇ ਨੇ ਕਿਹਾ, ਰਾਸ਼ਟਰ ਸਾਡੇ ਬਹਾਦਰਾਂ ਦੀ ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਡਿਊਟੀ ਪ੍ਰਤੀ ਸਮਰਪਣ ਲਈ ਹਮੇਸ਼ਾ ਰਿਣੀ ਰਹੇਗਾ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਹਥਿਆਰਬੰਦ ਅਤਿਵਾਦੀਆਂ ਵੱਲੋਂ ਕੰਟਰੋਲ ਰੇਖਾ ਪਾਰ ਕਰਕੇ ਚਮੇਰ ਦੇ ਜੰਗਲ ਵਿਚ ਲੁਕਣ ਦੀਆਂ ਖਬਰਾਂ ਹਨ।

ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਭਾਰੀ ਗੋਲੀਬਾਰੀ ਕੀਤੀ, ਜਿਸ ਚ ਪੰਜ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਾਰੇ ਪੰਜ ਸੈਨਿਕਾਂ ਦੀ ਬਾਅਦ ਵਿੱਚ ਨੇੜਲੇ ਫੌਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਮੁੱਢਲੀ ਮੁੱਠਭੇੜ ਤੋਂ ਬਾਅਦ ਅੱਤਵਾਦੀ ਰਾਜੌਰੀ ਜ਼ਿਲੇ ਦੇ ਅਧੀਨ ਆਉਂਦੇ ਨੇੜਲੇ ਭੰਗਾਈ ਪਿੰਡ ਵੱਲ ਭੱਜ ਗਏ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਖਤਮ ਕਰਨ ਲਈ ਮੁਕਾਬਲਾ ਜਾਰੀ ਹੈ ਅਤੇ ਅੱਤਵਾਦੀਆਂ ਦੇ ਭੱਜਣ ਦੇ ਸਾਰੇ ਸੰਭਵ ਰਸਤੇ ਬੰਦ ਕਰ ਦਿੱਤੇ ਗਏ ਹਨ।

ਇਸ ਦੌਰਾਨ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ‘ਤੇ ਸੁਰੱਖਿਆ ਬਲਾਂ ਨੇ ਅਨੰਤਨਾਗ ਜ਼ਿਲੇ ਦੇ ਵੈਰੀਨਾਗ ਖੇਤਰ ਦੇ ਖਗੁੰਡ ‘ਚ ਤਲਾਸ਼ੀ ਮੁਹਿੰਮ ਚਲਾਈ। ਇਕ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਉਸ ਸਮੇਂ ਮੁਕਾਬਲੇ ਵਿਚ ਬਦਲ ਗਈ ਜਦੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ।

ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਜਵਾਬੀ ਕਾਰਵਾਈ ਵਿਚ ਇਕ ਅੱਤਵਾਦੀ ਮਾਰਿਆ ਗਿਆ, ਜਦੋਂ ਕਿ ਇਕ ਪੁਲਿਸ ਕਰਮੀ ਵੀ ਜ਼ਖਮੀ ਹੋ ਗਿਆ। ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ ਵਿਚ ਹੋਏ ਇਕ ਹੋਰ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦਾ ਇਕ ਅੱਤਵਾਦੀ ਮਾਰਿਆ ਗਿਆ।

ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਟਵੀਟ ਕੀਤਾ, “ਮਾਰੇ ਗਏ ਅੱਤਵਾਦੀ ਦੀ ਪਛਾਣ ਇਮਤਿਆਜ਼ ਅਹਿਮਦ ਡਾਰ ਵਜੋਂ ਹੋਈ ਹੈ ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜਿਆ ਹੋਇਆ ਹੈ।” ਉਹ ਸ਼ਾਹਗੁੰਡ ਬਾਂਦੀਪੋਰਾ ਵਿਚ ਹਾਲ ਹੀ ਵਿਚ ਹੋਏ ਨਾਗਰਿਕ ਕਤਲਾਂ ਵਿਚ ਸ਼ਾਮਲ ਸੀ।

ਟੀਵੀ ਪੰਜਾਬ ਬਿਊਰੋ