ਸਿਰਫ 5 ਰੁਪਏ ਖ਼ਾਤਰ ਬਜ਼ੁਰਗ ਜੋੜੇ ਨੂੰ ਅੱਗ ਲਗਾ ਕੇ ਸਾੜਿਆ

ਸਹਾਰਨਪੁਰ : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਮਿਰਜ਼ਾਪੁਰ ਥਾਣਾ ਖੇਤਰ ਵਿਚ, ਦੋ ਸ਼ਰਾਬੀ ਵਿਅਕਤੀਆਂ ਨੇ ਸਿਰਫ ਪੰਜ ਰੁਪਏ ਦੇ ਲੈਣ -ਦੇਣ ਦੇ ਵਿਵਾਦ ਵਿਚ ਪੈਟਰੋਲ ਪਾ ਕੇ ਇਕ ਬਜ਼ੁਰਗ ਜੋੜੇ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਇਹ ਜੋੜਾ ਝੁਲਸ ਗਿਆ।

ਜ਼ਖਮੀ ਜੋੜੇ ਨੂੰ ਇਲਾਜ ਲਈ ਜ਼ਿਲਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੋਵਾਂ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਿਰਧ ਜੋੜੇ ਦੀ ਬੇਟੀ ਨੇ ਦੋਵਾਂ ਸ਼ਰਾਬੀਆਂ ਦੇ ਖਿਲਾਫ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਿਸ ਸੁਪਰਡੈਂਟ (ਦਿਹਾਤੀ) ਅਤੁਲ ਸ਼ਰਮਾ ਨੇ ਦੱਸਿਆ ਕਿ ਰਾਜੇਂਦਰ (67) ਅਤੇ ਉਸਦੀ ਪਤਨੀ ਕਮਲੇਸ਼ (65) ਮਿਰਜ਼ਾਪੁਰ ਥਾਣੇ ਦੇ ਮਾਰਗਰਗੜ ਵਿਚ ਆਪਣੇ ਘਰ ਦੇ ਸਾਹਮਣੇ ਪਾਨ ਦੀ ਦੁਕਾਨ ਚਲਾਉਂਦੇ ਹਨ।

ਉਸਨੇ ਦੱਸਿਆ ਕਿ ਉਹ ਆਪਣੀ ਦੁਕਾਨ ਵਿਚ ਵੇਚਣ ਲਈ ਕੁਝ ਪੈਟਰੋਲ ਡੱਬੇ ਵਿਚ ਰੱਖਦਾ ਸੀ ਤਾਂ ਜੋ ਇਸਨੂੰ ਕੁਝ ਮੁਨਾਫੇ ਨਾਲ ਵੇਚਿਆ ਜਾ ਸਕੇ। ਸ਼ਰਾਬੀ ਦੋਸ਼ੀ ਸਾਵੇਜ ਅਤੇ ਹਾਸ਼ਮੂਦ ਜੋੜੇ ਦੀ ਦੁਕਾਨ ‘ਤੇ ਆਏ ਅਤੇ ਮੋਟਰਸਾਈਕਲ ‘ਚ ਅੱਧਾ ਲੀਟਰ ਪੈਟਰੋਲ ਭਰਿਆ।

ਰਾਜੇਂਦਰ ਨੇ ਇਨ੍ਹਾਂ ਤੋਂ 55 ਰੁਪਏ ਦੀ ਮੰਗ ਕੀਤੀ ਪਰ ਇਹ ਦੋਵੇਂ 50 ਰੁਪਏ ‘ਤੇ ਅੜੇ ਹੋਏ ਸਨ। ਪੁਲਿਸ ਦੇ ਅਨੁਸਾਰ, ਰਾਜੇਂਦਰ ਅਤੇ ਦੋਸ਼ੀਆਂ ਦੇ ਵਿਚ ਪੰਜ ਰੁਪਏ ਨੂੰ ਲੈ ਕੇ ਝਗੜਾ ਹੋਇਆ, ਜਿਸਦੇ ਬਾਅਦ ਦੋਵਾਂ ਨੇ ਦੁਕਾਨ ‘ਤੇ ਰੱਖਿਆ ਪੈਟਰੋਲ ਰਾਜੇਂਦਰ ਉੱਤੇ ਛਿੜਕਿਆ ਅਤੇ ਅੱਗ ਲਗਾ ਦਿੱਤੀ।

ਰਾਜੇਂਦਰ ਦੀ ਪਤਨੀ ਵੀ ਅੱਗ ਦੀ ਲਪੇਟ ਵਿਚ ਆ ਗਈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਟੀਵੀ ਪੰਜਾਬ ਬਿਊਰੋ