ਸ਼ਹੀਦ ਗੱਜਣ ਸਿੰਘ ਦਾ ਅੰਤਿਮ ਸੰਸਕਾਰ ਕੱਲ੍ਹ

ਨੂਰਪੁਰ ਬੇਦੀ : ਜੰਮੂ ਕਸ਼ਮੀਰ ਦੇ ਰਾਜੌਰੀ ਖੇਤਰ ਦੇ ਸੂਰਨਕੋਟ ਵਿਖੇ ਸ਼ਹੀਦ ਹੋਏ ਨੂਰਪੁਰਬੇਦੀ ਬਲਾਕ ਦੇ ਸੈਨਿਕ ਗੱਜਣ ਸਿੰਘ ਦਾ ਅੰਤਿਮ ਸੰਸਕਾਰ ਕੱਲ੍ਹ ਪਿੰਡ ਪਚਰੰਡਾ ਵਿਖੇ ਕੀਤਾ ਜਾਵੇਗਾ।

ਇਹ ਜਾਣਕਾਰੀ ਦਿੰਦਿਆਂ ਸ਼ਹੀਦ ਦੇ ਰਿਸ਼ਤੇਦਾਰ ਬਾਬਾ ਦਿਲਬਾਗ ਮਾਣਕੂਮਾਜਰਾ ਨੇ ਦੱਸਿਆ ਕਿ ਸ਼ਹੀਦ ਗੱਜਣ ਸਿੰਘ ਦੇ ਮ੍ਰਿਤਕ ਸਰੀਰ ਨੂੰ ਭਾਰਤੀ ਫ਼ੌਜ ਦੁਆਰਾ ਅੱਜ ਦੇਰ ਸ਼ਾਮ ਤੱਕ ਉਨ੍ਹਾਂ ਦੇ ਪਿੰਡ ਪਚਰੰਡਾ ਵਿਖੇ ਲਿਆਂਦਾ ਜਾਵੇਗਾ।

ਸ਼ਹੀਦ ਗੱਜਣ ਸਿੰਘ ਦੇ ਗ੍ਰਹਿ ਵਿਖੇ ਸ਼ੋਕ ਪ੍ਰਗਟ ਕਰਨ ਲਈ ਲੋਕਾਂ ਦਾ ਤਾਂਤਾ ਲੱਗ ਗਿਆ ਹੈ। ਸ਼ਹੀਦ ਹੋਏ ਜਵਾਨ ਗੱਜਣ ਸਿੰਘ ਦੇ ਪਰਿਵਾਰ ਨੂੰ ਦਿਲਾਸਾ ਦੇਣ ਲਈ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਿਸ਼ੇਸ਼ ਰੂਪ ਵਿਚ ਪਹੁੰਚੇ।

ਉਨ੍ਹਾਂ ਨੇ ਸ਼ਹੀਦ ਦੇ ਪਿਤਾ ਚਰਨ ਸਿੰਘ, ਮਾਤਾ ਮਲਕੀਤ ਕੌਰ ਅਤੇ ਸ਼ਹੀਦ ਦੀ ਵਿਧਵਾ ਪਤਨੀ ਹਰਪ੍ਰੀਤ ਕੌਰ ਨਾਲ ਦੁੱਖ ਸਾਂਝਾ ਕੀਤਾ। ਡਾ. ਚੀਮਾ ਨੇ ਕਿਹਾ ਕਿ ਦੇਸ਼ ਲਈ ਕੁਰਬਾਨ ਹੋਣ ਵਾਲੇ ਇਨ੍ਹਾਂ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਜੰਮੂ -ਕਸ਼ਮੀਰ ਵਿਚ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ। ਸਰਹੱਦੀ ਜ਼ਿਲ੍ਹੇ ਪੁੰਛ ਦੇ ਸੁਰਨਕੋਟ ਇਲਾਕੇ ਵਿਚ ਡੇਰਾ ਕੀ ਗਲੀ (ਡੀਕੇਜੀ) ਦੇ ਨੇੜੇ ਇਕ ਪਿੰਡ ਵਿਚ ਅੱਤਵਾਦੀਆਂ ਦੁਆਰਾ ਕੀਤੀ ਗਈ ਗੋਲੀਬਾਰੀ ਵਿਚ ਇਕ ਜੇਸੀਓ ਅਤੇ ਚਾਰ ਜਵਾਨ ਸ਼ਹੀਦ ਹੋ ਗਏ ਸਨ।

ਇਨ੍ਹਾਂ ਵਿਚ ਨਾਇਬ ਸੂਬੇਦਾਰ (ਜੇਸੀਓ) ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਸਿਪਾਹੀ ਗੱਜਣ ਸਿੰਘ, ਸਾਰਜ ਸਿੰਘ ਅਤੇ ਵੈਸਾਖ ਐਚ ਉਨ੍ਹਾਂ ਸਿਪਾਹੀਆਂ ਵਿਚੋਂ ਸਨ।

ਟੀਵੀ ਪੰਜਾਬ ਬਿਊਰੋ