ਪੰਜਾਬ ਪੁਲਿਸ ਸੂਬੇ ਦੀ ਸੁਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ : ਰੰਧਾਵਾ

ਜਲੰਧਰ : ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦੇਣ ਵਾਲੇ ਸੂਬੇ ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਇੱਥੇ ਪੰਜਾਬ ਆਰਮਡ ਪੁਲਿਸ (ਪੀਏਪੀ) ਦੇ ਹੈਡਕੁਆਰਟਰ ਵਿਖੇ 62ਵਾਂ ਰਾਜ ਪੱਧਰੀ ਪੁਲਿਸ ਯਾਦਗਾਰੀ ਦਿਵਸ ਮਨਾਇਆ ਗਿਆ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਇਕ ਬੇਮਿਸਾਲ ਫੋਰਸ ਹੈ, ਜਿਸ ਨੇ ਸ਼ਾਂਤੀ ਅਤੇ ਅਸ਼ਾਂਤੀ ਦੇ ਸਮੇਂ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਅੱਤਵਾਦ ਨਾਲ ਲੜਦੇ ਹੋਏ ਆਪਣੇ 1604 ਅਧਿਕਾਰੀਆਂ ਅਤੇ ਸਿਪਾਹੀਆਂ ਦਾ ਬਲਿਦਾਨ ਦਿੱਤਾ ਗਿਆ। ਪੀ.ਏ.ਪੀ. ਕੈਂਪਸ ਦੇ ਅੰਦਰ ਉਸਾਰੇ ਗਏ ਪੁਲਿਸ ਸ਼ਹੀਦ ਸਮਾਰਕ ਵਿਖੇ ਸੁਚੱਜੇ ਢੰਗ ਨਾਲ ਪਰੇਡ ਦਾ ਆਯੋਜਨ ਕੀਤਾ ਗਿਆ। ਉਪ ਮੁੱਖ ਮੰਤਰੀ ਨੂੰ ਸਲਾਮੀ ਦੇਣ ਤੋਂ ਬਾਅਦ, ਕਮਾਂਡੈਂਟ ਰਾਜਪਾਲ ਸਿੰਘ ਸੰਧੂ ਵੱਲੋਂ ਪੰਜਾਬ ਪੁਲਿਸ ਦੇ ਏ.ਐਸ.ਆਈ. ਭਗਵਾਨ ਸਿੰਘ ਅਤੇ ਏ.ਐਸ.ਆਈ. ਦਲਵਿੰਦਰਜੀਤ ਸਿੰਘ ਸਮੇਤ ਇਸ ਸਾਲ ਦੇ ਸਮੁੱਚੇ 377 ਪੁਲਿਸ ਸ਼ਹੀਦਾਂ ਦੇ ਨਾਮ ਪੜ੍ਹੇ ਗਏ। ਦੋ ਮਿੰਟ ਦਾ ਮੌਨ ਰੱਖਿਆ ਗਿਆ, ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵੱਲੋਂ ਸ਼ਹੀਦੀ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸ: ਰੰਧਾਵਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਦੇਸ਼ ਵਿਚ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ। ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ ਦੇ ਅੰਦਰ ਬੀ.ਐਸ.ਐਫ. ਦੇ ਅਧਿਕਾਰ ਖੇਤਰ ਨੂੰ 50 ਕਿਲੋਮੀਟਰ ਤੱਕ ਵਧਾਉਣ ਦੇ ਫੈਸਲੇ ‘ਤੇ ਉਨ੍ਹਾਂ ਕਿਹਾ ਕਿ ਪੰਜਾਬ, ਜੋ ਕਿ ਸਾਰੀਆਂ ਲੜਾਈਆਂ ਦੌਰਾਨ ਹਮੇਸ਼ਾ ਮੋਹਰੀ ਰਿਹਾ ਹੈ, ਨੂੰ ਆਪਣੀ ਸੁਰੱਖਿਆ ਲਈ ਕਿਸੇ ਹੋਰ ਤਾਕਤ ਦੀ ਜ਼ਰੂਰਤ ਨਹੀਂ ਹੈ। ਉਪ ਮੁੱਖ ਮੰਤਰੀ ਨੇ ਕਿਹਾ, “ਸਾਡੀ ਪੁਲਿਸ ਫੋਰਸ ਪੰਜਾਬ ਦੀ ਸੁਰੱਖਿਆ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ।ਪੰਜਾਬ ਦੇ ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਇਸ ਮੌਕੇ ਬੋਲਦਿਆਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ “ਅਸੀਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ।

ਟੀਵੀ ਪੰਜਾਬ ਬਿਊਰੋ