ਪੰਜਾਬ ‘ਚ ਸ਼ੁਰੂ ਹੋਈ ਬਰਸਾਤ , ਪਹਾੜਾਂ ‘ਚ ਪਈ ਬਰਫਬਾਰੀ

ਜਲੰਧਰ- ਫਰਵਰੀ ਮਹੀਨੇ ਦਾ ਆਖਰੀ ਦਿਨ ਸੁਹਾਵਨਾ ਰਹਿਣ ਵਾਲਾ ਹੈ । ਮਾਰਚ ਮਹੀਨੇ ਦੀ ਸ਼ੁਰੂਆਤ ਵੀ ਠੰਡੇ ਮੌਸਮ ਨਾਲ ਹੋਵੇਗੀ । ਪੱਛਮੀ ਗੜਬੜ ਦੇ ਪ੍ਰਭਾਵ ਕਾਰਨ ਮੰਗਲਵਾਰ ਤੋਂ ਮੌਸਮ ਵਿੱਚ ਤਬਦੀਲੀ ਆਵੇਗੀ। ਇਸ ਦੌਰਾਨ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 28 ਫਰਵਰੀ ਤੋਂ ਇੱਕ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋਵੇਗੀ, ਜਿਸਦਾ ਪ੍ਰਭਾਵ ਪੱਛਮੀ ਹਿਮਾਲੀਅਨ ਖੇਤਰਾਂ ‘ਤੇ ਦਿਖਾਈ ਦੇਵੇਗਾ।

ਆਈਐਮਡੀ ਮੁਤਾਬਕ 28 ਫਰਵਰੀ ਤੋਂ 02 ਮਾਰਚ ਤੱਕ ਕਈ ਪਹਾੜੀ ਖੇਤਰਾਂ ਵਿੱਚ ਮੀਂਹ ਜਾਂ ਬਰਫਬਾਰੀ ਦੀਆਂ ਗਤੀਵਿਧੀਆਂ ਵੇਖੀਆਂ ਜਾ ਸਕਦੀਆਂ ਹਨ। ਇੱਕ ਤਾਜ਼ਾ ਵੈਸਟਰਨ ਡਿਸਟਰਬੈਂਸ ਵੀ 28 ਫਰਵਰੀ ਨੂੰ ਐਕਟਿਵ ਹੋਵੇਗਾ। ਜਿਸ ਦਾ ਅਸਰ ਪੱਛਮੀ ਹਿਮਾਲੀਅਨ ਖੇਤਰ ‘ਚ ਦੇਖਣ ਨੂੰ ਮਿਲੇਗਾ। ਇਸ ਦਾ ਅਸਰ 28 ਫਰਵਰੀ ਤੋਂ 02 ਮਾਰਚ ਤੱਕ ਦੇਖਿਆ ਜਾ ਸਕਦਾ ਹੈ। ਇਸ ਦੇ ਪ੍ਰਭਾਵ ਕਾਰਨ ਪੰਜਾਬ, ਹਰਿਆਣਾ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੱਕ ਮੀਂਹ ਦੀਆਂ ਸਰਗਰਮੀਆਂ ਦੇਖਣ ਨੂੰ ਮਿਲਣਗੀਆਂ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 28 ਫਰਵਰੀ ਤੋਂ 02 ਮਾਰਚ ਤੱਕ ਮੀਂਹ ਪੈ ਸਕਦਾ ਹੈ।

ਦੱਸ ਦਈਏ ਕਿ ਫ਼ਰਵਰੀ ਮਹੀਨੇ ਵਿੱਚ ਪੈ ਰਹੀ ਗਰਮੀ ਕਾਰਨ ਝੁਲਸ ਰਹੀ ਕਣਕ ਦੀ ਫ਼ਸਲ ਲਈ ਇਹ ਮੀਂਹ ਕਿਸੇ ਜੀਵਨ ਰੇਖਾ ਤੋਂ ਘੱਟ ਨਹੀਂ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 28 ਫਰਵਰੀ ਨੂੰ ਸਾਧਾਰਨ ਬਾਰਿਸ਼ ਹੋਵੇਗੀ ਅਤੇ 1 ਮਾਰਚ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਇੱਕ ਪ੍ਰੈਸ਼ਰ ਏਰੀਆ ਬਣੇਗਾ ਅਤੇ ਹਰਿਆਣਾ ਪੰਜਾਬ ਵਿੱਚ ਮੀਂਹ ਪਵੇਗਾ। ਇਸ ਸਾਲ ਫਰਵਰੀ ਦੇ ਮਹੀਨੇ ਗਰਮੀ ਨੇ ਆਪਣੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਵੱਧ ਹੈ, ਜੋ ਕਿ ਆਮ ਨਾਲੋਂ ਵੱਧ ਹੈ। ਅਜਿਹੇ ‘ਚ ਮੀਂਹ ਕਾਰਨ ਤਾਪਮਾਨ ‘ਚ ਕਮੀ ਆਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ। ਹਰਿਆਣਾ ਅਤੇ ਪੰਜਾਬ ਵਿੱਚ ਮੀਂਹ ਦੇ ਨਾਲ-ਨਾਲ ਉੱਤਰੀ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਵੀ ਦੇਖਣ ਨੂੰ ਮਿਲੇਗੀ।