ਲੋਕਾਂ ਕੋਲ ਜਲੰਧਰ ਤੋਂ ਪਹਿਲੀ ਮਹਿਲਾ ਸੰਸਦ ਮੈਂਬਰ ਚੁਣਨ ਦਾ ਸੁਨਹਿਰੀ ਮੌਕਾ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ

ਫਿਲੌਰ- ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਐਤਵਾਰ ਨੂੰ ਕਿਹਾ ਕਿ ਲੋਕ ਸਭਾ ਹਲਕਾ ਜਲੰਧਰ ਦੇ ਲੋਕਾਂ ਵਾਸਤੇ ਜ਼ਿਮਨੀ ਚੋਣ ਵਿੱਚ ਪਹਿਲੀ ਮਹਿਲਾ ਸੰਸਦ ਮੈਂਬਰ ਚੁਣਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਨੇ ਕਦੇ ਵੀ ਭਾਰਤੀ ਸੰਸਦ ਵਿੱਚ ਇੱਕ ਔਰਤ ਨੂੰ ਨਹੀਂ ਭੇਜਿਆ ਅਤੇ ਜ਼ਿਮਨੀ ਚੋਣ ਨੇ ਸਾਨੂੰ ਸਹੀ ਚੋਣ ਕਰਨ ਦਾ ਇਤਿਹਾਸਕ ਮੌਕਾ ਦਿੱਤਾ ਹੈ।

ਵਿਧਾਇਕ ਚੌਧਰੀ ਨੇ ਫਿਲੌਰ ਵਿਧਾਨ ਸਭਾ ਹਲਕੇ ਦੇ ਛੋਕਰਾਂ, ਅੱਪਰਾ, ਤੂਰਾਂ, ਮਸਾਣੀ ਅਤੇ ਚੀਮਾ ਕਲਾਂ ਪਿੰਡਾਂ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਫਿਲੌਰ ਦੇ ਵਿਕਾਸ ਲਈ ਕਾਂਗਰਸ ਪਾਰਟੀ ਅਤੇ ਚੌਧਰੀ ਪਰਿਵਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਚੋਣਾਂ ਵਿੱਚ ਕਰਮਜੀਤ ਕੌਰ ਚੌਧਰੀ ਵੋਟ ਪਾਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਰਾਖਵਾਂਕਰਨ ਦੇਣ ਸਮੇਤ ਔਰਤਾਂ ਦੇ ਸਸ਼ਕਤੀਕਰਨ ਲਈ ਪਿਛਲੇ ਦਹਾਕਿਆਂ ਦੌਰਾਨ ਕਈ ਕਦਮ ਚੁੱਕੇ ਹਨ ਅਤੇ ਔਰਤਾਂ ਲਈ ਸੰਸਦ ਤੇ ਵਿਧਾਨ ਸਭਾਵਾਂ ਵਿੱਚ 33% ਸੀਟਾਂ ਰਾਖਵਾਂਕਰਨ ਦੀ ਵਕਾਲਤ ਕੀਤੀ ਹੈ।

ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਵਿਧਾਇਕ ਚੌਧਰੀ ਨੇ ਕਿਹਾ ਕਿ ਇਹ ਈਵੈਂਟ ਮੈਨੇਜਰਾਂ ਦੀ ਪਾਰਟੀ ਹੈ, ਜੋ ਸਿਰਫ਼ ਇਸ਼ਤਿਹਾਰਾਂ ਅਤੇ ਝੂਠੀ ਛਵੀ ਬਣਾਉਣ ‘ਤੇ ਧਿਆਨ ਕੇਂਦਰਤ ਕਰਦੀ ਹੈ। ਉਹਨਾਂ ਆਖਿਆ, “‘ਆਪ’ ਆਮ ਆਦਮੀ ਦੀ ਪਾਰਟੀ ਬਣਨ ਦੀ ਬਜਾਏ ਸਿਰਫ ਦੋ ਆਦਮੀਆਂ ਦੀ ਵਡਿਆਈ ਕਰਨ ਲਈ ਸੈਂਕੜੇ ਕਰੋੜ ਰੁਪਏ ਖਰਚਣ ‘ਤੇ ਕੇਂਦਰਿਤ ‘ਐਡ ਆਦਮੀ’ ਦੀ ਪਾਰਟੀ ਬਣ ਗਈ ਹੈ। ਕਾਂਗਰਸ ਪਾਰਟੀ ਹੀ ਆਮ ਆਦਮੀ ਪਾਰਟੀ ਸਰਕਾਰ ਦੇ ਧੋਖੇ ਅਤੇ ਝੂਠੇ ਵਾਅਦਿਆਂ ਦਾ ਇੱਕੋ ਇੱਕ ਬਦਲ ਤੇ ਚੁਣੌਤੀ ਹੈ ਅਤੇ ਲੋਕਾਂ ਨੂੰ ਜ਼ਿਮਨੀ ਚੋਣ ਵਿੱਚ ਸਹੀ ਚੋਣ ਕਰਨੀ ਚਾਹੀਦੀ ਹੈ।”

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਸਭ ਤੋਂ ਪੜ੍ਹੇ-ਲਿਖੇ ਉਮੀਦਵਾਰ ਸਨ, ਜੋ ਆਪਣੇ ਮਰਹੂਮ ਪਤੀ ਚੌਧਰੀ ਸੰਤੋਖ ਸਿੰਘ ਦੀ ਵਿਰਾਸਤ ਨੂੰ ਅੱਗੇ ਵਧਾਉਣਗੇ ਅਤੇ ਜਲੰਧਰ ਦੇ ਲੋਕਾਂ ਦੀ ਸੇਵਾ ਉਸੇ ਤਰ੍ਹਾਂ ਸਮਰਪਿਤ ਭਾਵਨਾ ਨਾਲ ਕਰਦੇ ਰਹਿਣਗੇ।