ਦਵਿੰਦਰ ਸਿੰਘ ਢਪੱਈ ਬਸਪਾ ‘ਚ ਸ਼ਾਮਿਲ

ਕਪੂਰਥਲਾ : ਬਹੁਜਨ ਸਮਾਜ ਪਾਰਟੀ ਨੂੰ ਕਪੂਰਥਲਾ ਵਿਚ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਇਲਾਕ਼ੇ ਦੇ ਵੱਡੇ ਲੀਡਰ ਤੇ ਸਮਾਜ ਸੇਵੀ ਦਵਿੰਦਰ ਸਿੰਘ ਢਪੱਈ ਬਸਪਾ ਵਿਚ ਸ਼ਾਮਿਲ ਹੋਏ। ਸਰਦਾਰ ਢਪੱਈ 25 ਸਾਲ ਪਿੰਡ ਦੇ ਸਰਪੰਚ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਆਦਿ ਵੱਡੇ ਅਹੁਦਿਆਂ ‘ਤੇ ਰਹੇ।

ਇਸ ਤੋਂ ਇਲਾਵਾ ਸਿੱਖ ਜਗਤ ਤੇ ਪੰਥਕ ਸ਼ਖ਼ਸੀਅਤ ਵਜੋਂ ਵਿਚਰਦਿਆਂ ਉਹਨਾਂ ਨੇ ਸਮਾਜ ਸੇਵਾ ਕੀਤੀ ਤੇ ਰਾਜਨੀਤਿਕ ਸਫ਼ਰ ਚ ਹਮੇਸ਼ਾ ਸਰਗਰਮ ਰਹੇ। ਬਸਪਾ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਅਤੇ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਪਾਰਟੀ ਵਿਚ ਸਿਰੋਪਾ ਤੇ ਫੁੱਲਾਂ ਦੀ ਮਾਲਾ ਪਾ ਕੇ ਸ਼ਾਮਿਲ ਕਰਵਾਇਆ।

ਇਸ ਮੌਕੇ ਕਪੂਰਥਲਾ ਵਿਧਾਨ ਸਭਾ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਿਰ ਸੀ। ਸ਼੍ਰੀ ਬੈਨੀਪਾਲ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਸਾਰੇ ਪੰਜਾਬ ਤੇ ਬਹੁਜਨ ਹਿਤੈਸ਼ੀ ਲੋਕਾਂ ਨੂੰ ਬਣਦਾ ਮਾਣ ਸਨਮਾਨ ਦੇ ਕੇ ਪਾਰਟੀ ਨੂੰ ਮਜ਼ਬੂਤ ਕਰਨ ਹਿੱਤ ਕੰਮ ਕੀਤਾ ਜਾਵੇਗਾ।

ਉਹਨਾਂ ਸ਼੍ਰੀ ਦਵਿੰਦਰ ਸਿੰਘ ਢਪੱਈ ਨੂੰ ਮੌਕੇ ਤੇ ਹਲਕਾ ਇੰਚਾਰਜ ਨਿਯੁਕਤ ਕੀਤਾ ਤੇ ਸੰਭਾਵੀ ਉਮੀਦਵਾਰ ਐਲਾਨ ਦਿੱਤਾ। ਇਸ ਮੌਕੇ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਸਾਰੀਆਂ ਜਾਤਾਂ ਤੇ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ। ਹਾਲਾਂਕਿ ਬਸਪਾ ਕੋਲ 20 ਸੀਟਾਂ ਹੀ ਹਨ।

ਹੁਣ ਤੱਕ ਬਸਪਾ ਨੇ ਆਦਿਧਰਮੀ, ਰਵਿਦਾਸੀਆਂ ਭਾਈਚਾਰੇ ਦੇ ਨਾਲ ਨਾਲ ਬਸੀ ਪਠਾਣਾ ਤੋਂ ਬਾਲਮੀਕੀ, ਲੁਧਿਆਣਾ ਉੱਤਰੀ ਤੇ ਅੰਮ੍ਰਿਤਸਰ ਸੈਂਟਰਲ ਤੋਂ ਮਜ਼ਬੀ ਸਿੱਖ, ਹੁਸ਼ਿਆਰਪੁਰ ਤੋਂ ਸਿੱਖ ਰਾਜਪੂਤ , ਦਸੂਹਾ ਤੋਂ ਬ੍ਰਾਹਮਣ , ਉੜਮੁੜ ਟਾਂਡਾ ਤੋਂ ਲੁਬਾਣਾ ਸਿੱਖ, ਭੋਆ ਤੋਂ ਮਹਾਸ਼ਾ, ਮੋਹਾਲੀ ਤੇ ਕਪੂਰਥਲਾ ਤੋਂ ਜੱਟ ਸਿੱਖ ਆਦਿ ਭਾਈਚਾਰੇ ਨੂੰ ਟਿਕਟ ਦਿੱਤੀ ਹੈ।

ਇਸ ਮੌਕੇ ਸੂਬਾ ਜਨਰਲ ਸਕੱਤਰ ਸ੍ਰੀ ਗੁਰਲਾਲ ਸੈਲਾ, ਜ਼ੋਨ ਇੰਚਾਰਜ ਤਰਸੇਮ ਥਾਪਰ , ਜ਼ਿਲਾ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ, ਹਲਕਾ ਪ੍ਰਧਾਨ ਜਸਵਿੰਦਰ ਸਿੰਘ ਬਿੱਟਾ, ਸੋਮ ਨਾਥ, ਸੁਖਵਿੰਦਰ ਸਿੰਘ ਬਾਜਵਾ, ਬਲਦੇਵ ਸਿੰਘ ਆਦਿ ਸ਼ਾਮਿਲ ਸਨ।

ਟੀਵੀ ਪੰਜਾਬ ਬਿਊਰੋ