ਤੂਫਾਨ ਦੀ ਕਵਰੇਜ ਕਰਨਾ ਪੱਤਰਕਾਰ ਨੂੰ ਪਿਆ ਮਹਿੰਗਾ, ਹੋਈ 20 ਸਾਲ ਦੀ ਸਜ਼ਾ

ਡੈਸਕ- ਮਿਆਂਮਾਰ ਦੀ ਇੱਕ ਅਦਾਲਤ ਨੇ ਇੱਕ ‘ਭੂਮੀਗਤ ਨਿਊਜ਼ ਏਜੰਸੀ’ ਦੇ ਫੋਟੋ ਪੱਤਰਕਾਰ ਨੂੰ ਮਈ ਵਿਚ ਆਏ ਘਾਤਕ ਤੂਫ਼ਾਨ ਦੀ ਕਵਰੇਜ ਕਰਨ ਲਈ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਮੀਡੀਆ ਸੰਗਠਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਜ਼ਾ ਆਜ਼ਾਦ ਆਨਲਾਈਨ ਨਿਊਜ਼ ਸਰਵਿਸ ‘ਮਿਆਂਮਾਰ ਨਾਓ’ ਲਈ ਕੰਮ ਕਰ ਰਹੇ ਫੋਟੋ ਪੱਤਰਕਾਰ ਸਾਈ ਜ਼ੌ ਥਾਈਕੇ ਨੂੰ ਦਿੱਤੀ ਗਈ ਹੈ। ਇਹ ਨਿਊਜ਼ ਸਰਵਿਸ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਨਹੀਂ ਹੈ।

ਫਰਵਰੀ 2021 ਵਿਚ ਫੌਜ ਵੱਲੋਂ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟਣ ਤੋਂ ਬਾਅਦ ਹਿਰਾਸਤ ਵਿਚ ਲਏ ਗਏ ਕਿਸੇ ਵੀ ਪੱਤਰਕਾਰ ਲਈ ਇਹ ਸਭ ਤੋਂ ਗੰਭੀਰ ਸਜ਼ਾ ਜਾਪਦੀ ਹੈ। ਪ੍ਰੈਸ ਅਜ਼ਾਦੀ ਦੇ ਸਮੂਹ ਰਿਪੋਰਟਰਜ਼ ਵਿਦਾਊਟ ਬਾਰਡਰਜ਼ ਨੇ ਅਪ੍ਰੈਲ ਵਿਚ ਕਿਹਾ ਸੀ ਕਿ ਪੱਤਰਕਾਰਾਂ ਨੂੰ ਜੇਲ੍ਹਾਂ ਵਿਚ ਬੰਦ ਕਰਨ ਵਿਚ ਚੀਨ ਤੋਂ ਬਾਅਦ ਮਿਆਂਮਾਰ ਦੁਨੀਆ ਵਿਚ ਦੂਜੇ ਨੰਬਰ ‘ਤੇ ਹੈ। ਇੰਨਾ ਹੀ ਨਹੀਂ ਵਰਲਡ ਪ੍ਰੈੱਸ ਫਰੀਡਮ ਇੰਡੈਕਸ 2023 ‘ਚ ਮਿਆਂਮਾਰ 180 ਦੇਸ਼ਾਂ ‘ਚੋਂ ਸਭ ਤੋਂ ਹੇਠਲੇ 176ਵੇਂ ਸਥਾਨ ‘ਤੇ ਹੈ।