ਰੂਸ ਦੀ ਰਾਜਧਾਨੀ ਮਾਸਕੋ ‘ਚ ਅਤਿਵਾਦੀ ਹਮਲਾ, 60 ਲੋਕਾਂ ਦੀ ਮੌਤ, 100 ਤੋਂ ਵੱਧ ਲੋਕ ਜ਼ਖ਼ਮੀ

ਡੈਸਕ- ਰੂਸ ਦੀ ਰਾਜਧਾਨੀ ਮਾਸਕੋ ਦੇ ਕ੍ਰੋਕਸ ਸਿਟੀ ਹਾਲ ‘ਤੇ ਹੋਏ ਅੱਤਵਾਦੀ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 60 ਤੱਕ ਪਹੁੰਚ ਗਈ ਹੈ। ਅੰਕੜਾ ਵਧਣ ਦੀ ਉਮੀਦ ਹੈ। 100 ਤੋਂ ਵੱਧ ਲੋਕ ਜ਼ਖਮੀ ਹਨ।

ਇਹ ਹਮਲਾ ਸ਼ੁੱਕਰਵਾਰ ਸ਼ਾਮ (22 ਮਾਰਚ) ਨੂੰ ਹੋਇਆ। ਇਸਲਾਮਿਕ ਸਟੇਟ (ਆਈਐਸ) ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਫੌਜ ਦੀ ਵਰਦੀ ਪਹਿਨੇ ਪੰਜ ਅਤਿਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਬੰਬ ਸੁੱਟੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਅਸੀਂ ਮਾਸਕੋ ਵਿੱਚ ਹੋਏ ਅਤਿਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ। ਸਾਡੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ। ਦੁੱਖ ਦੀ ਇਸ ਘੜੀ ਵਿੱਚ ਭਾਰਤ ਰੂਸ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਇੱਕਮੁੱਠ ਹੈ।

ਅਤਿਵਾਦੀ ਸੰਗਠਨ ਆਈਐਸ ਨੇ ਅਮਾਕ ਨਿਊਜ਼ ਏਜੰਸੀ ਰਾਹੀਂ ਬਿਆਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ, ”ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਰੂਸ ਦੀ ਰਾਜਧਾਨੀ ਮਾਸਕੋ ਦੇ ਬਾਹਰਵਾਰ ਕ੍ਰਾਸਨੋਗੋਰਸਕ ਸ਼ਹਿਰ ਵਿਚ ਈਸਾਈਆਂ ਦੇ ਇਕ ਵੱਡੇ ਇਕੱਠ ‘ਤੇ ਹਮਲਾ ਕੀਤਾ, ਜਿਸ ਵਿਚ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਆਪਣੇ ਟਿਕਾਣਿਆਂ ‘ਤੇ ਵਾਪਸ ਜਾਣ ਤੋਂ ਪਹਿਲਾਂ ਹੀ ਮਾਰ ਦਿਤਾ ਅਤੇ ਸੈਂਕੜਿਆਂ ਨੂੰ ਜ਼ਖ਼ਮੀ ਕਰ ਦਿੱਤਾ ਪਰ ਭਾਰੀ ਤਬਾਹੀ ਹੋਈ। ਹਮਲੇ ਤੋਂ ਬਾਅਦ ਸਾਡੇ ਲੜਾਕੇ ਮੌਕੇ ਤੋਂ ਫਰਾਰ ਹੋ ਗਏ।

ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਕਿਹਾ ਕਿ ਧਮਾਕਿਆਂ ਕਾਰਨ ਹਾਲ ‘ਚ ਅੱਗ ਲੱਗ ਗਈ। ਵਿਸ਼ੇਸ਼ ਬਲ, ਪੁਲਿਸ ਅਤੇ ਦੰਗਾ ਵਿਰੋਧੀ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਬੇਸਮੈਂਟ ‘ਚ ਫਸੇ 100 ਲੋਕਾਂ ਨੂੰ ਬਚਾਇਆ। ਜ਼ਖ਼ਮੀਆਂ ਨੂੰ 70 ਤੋਂ ਵੱਧ ਐਂਬੂਲੈਂਸਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ।