ਡੈਸਕ- ਪੰਜਾਬ ਦੀ ਸਿਆਸਤ ਦਾ ਭੱਖਦਾ ਮੁੱਦਾ ਬਣੇ ਯੂ.ਪੀ ਦੇ ਗੈਂਗਸਟਰ ਅਤੇ ਰਾਜਨੇਤਾ ਮੁਖਤਾਰ ਅੰਸਾਰੀ ਦੇ ਮਾਮਲੇ ‘ਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਖੁਲਾਸਾ ਕੀਤਾ ਹੈ।ਮਾਨ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਦੇ ਮੁਖਤਾਰ ਅੰਸਾਰੀ ਨਾਲ ਸਬੰਧ ਸਨ।ਵੱਖ ਵੱਖ ਕੇਸਾਂ ਚ ਅੰਸਾਰੀ ਨੂੰ ਬਚਾਉਣ ਲਈ ਰਣਇੰਦਰ ਵਲੋਂ ਹੀ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਚ ਲਿਆਉਂਦਾ ਗਿਆ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਅੰਸਾਰੀ ਨੂੰ ਸਜ਼ਾ ਹੋਣ ਵਾਲੀ ਸੀ ਕਿ ਤਤਕਾਲੀ ਕੈਪਟਨ ਸਰਕਾਰ ਨੇ ਪੰਜਾਬ ਚ ਅੰਸਾਰੀ ਖਿਲਾਫ ਇਕ ਫਰਜ਼ੀ ਕੇਸ ਦਰਜ ਕਰਕੇ ਉਸ ਨੂੰ ਪੰਜਾਬ ਲੈ ਆਉਂਦਾ। ਯੂ.ਪੀ ਪੁਲਿਸ ਦੇ ਵਾਰ ਵਾਰ ਕਹਿਣ ‘ਤੇ ਵੀ ਕੈਪਟਨ ਸਰਕਾਰ ਨੇ ਉਸਨੂੰ ਉੱਤਰ ਪ੍ਰਦੇਸ਼ ਪੁਲਿਸ ਦੇ ਹੱਥ ਨਹੀਂ ਸੋਂਪਿਆ।
ਆਖਿਰਕਾਰ ਯੂ.ਪੀ ਪੁਲਿਸ ਅਦਾਲਤ ਚਲੀ ਗਈ। ਅੰਸਾਰੀ ਨੂੰ ਪੰਜਾਬ ਚ ਹੀ ਰੱਖਣ ਲਈ ਕੈਪਟਨ ਸਾਹਿਬ ਨੇ ਮਹਿੰਗੇ ਵਕੀਲ ਕਰਕੇ ਸਰਕਾਰੀ ਖਜਾਨੇ ਨਾਲ ਉਸਦੇ ਬਚਾਅ ਦੀ ਕੋਸ਼ਿਸ਼ ਕੀਤੀ। ਮਾਨ ਨੇ ਕਿਹਾ ਕਿ ਵਕੀਲ ਦੀ ਬਣਦੀ 55 ਲੱਖ ਦੀ ਰਾਸ਼ੀ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਤੋਂ ਹੀ ਵਸੂਲਣਗੇ।
ਮਾਨ ਨੇ ਇਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਅੰਸਾਰੀ ਦੇ ਪਰਿਵਾਰ ਨੂੰ ਸਹੂਲਤਾਂ ਦੇਣ ਲਈ ਕੈਪਟਨ ਸਰਕਾਰ ਵਲੋਂ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ ਅਤੇ ਉਸਦੇ ਭਤੀਜੇ ਊਮਰ ਅੰਸਾਰੀ ਨੂੰ ਰੋਪੜ ਚ ਵਕਫ ਬੋਰਡ ਦੀ ਥਾਂ ਅਲਾਟ ਕੀਤੀ ਗਈ ਸੀ।