ਰਾਸ਼ਟਰੀ-ਅੰਤਰ ਰਾਸ਼ਟਰੀ ਮੈਡਲ ਜੇਤੂ ਵਿਦਿਆਰਥੀਆਂ ਦਾ ਸਨਮਾਨ

ਜਲੰਧਰ : ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਪਰਗਟ ਸਿੰਘ ਵੱਲੋਂ ਪੰਜਾਬ ਨੂੰ ਦੇਸ਼ ਦੀ ਖੇਡ ਨਰਸਰੀ ਬਣਾਉਣ ਲਈ ਰੋਡ ਮੈਪ ਦਾ ਐਲਾਨ ਕੀਤਾ ਗਿਆ। ਡੀ.ਏ.ਵੀ. ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨਾਲ ਕ੍ਰਿਕਟ ਖੇਡਦਿਆਂ ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਤੋਂ ਖੇਡ ਪ੍ਰਤਿਭਾਵਾਂ ਦੀ ਭਾਲ ਕਰਨ, ਉਨ੍ਹਾਂ ਨੂੰ ਤਰਾਸ਼ਣ ਅਤੇ ਸਰਕਾਰੀ ਤੇ ਕਾਰਪੋਰੇਟ ਸਮਰਥਨ ਨਾਲ ਉਨ੍ਹਾਂ ਨੂੰ ਅੰਤਰਰਾਸ਼ਟਰੀ ਖਿਡਾਰੀਆਂ ਵਜੋਂ ਵਿਕਸਿਤ ਕਰਨ ਦੀ ਤੁਰੰਤ ਲੋੜ ਹੈ।

ਪਰਗਟ ਸਿੰਘ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਵਿਚ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਯੂਨੀਵਰਸਿਟੀ ਦੇ ਦੌਰੇ ‘ਤੇ ਆਏ ਸਨ। ਉਨ੍ਹਾਂ ਵੱਲੋਂ ਖਿਡਾਰੀਆਂ ਅਤੇ ਖੇਡ ਵਿਭਾਗ ਦੀ ਫੈਕਲਟੀ ਨਾਲ ਗੱਲਬਾਤ ਵੀ ਕੀਤੀ ਗਈ। ਬਾਅਦ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਅਟੁੱਟ ਹਨ ਅਤੇ ਇਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।

ਯੂਨੀਵਰਸਿਟੀ ਦੇ ਚਾਂਸਲਰ ਡਾ. ਪੁਨਮ ਸੂਰੀ ਦੀ ਤਰਫ ਤੋਂ ਯੂਨੀਵਰਸਿਟੀ ਦੇ ਪਤਵੰਤਿਆਂ ਵੱਲੋਂ ਕੈਂਪਸ ਵਿਚ ਸਵਾਗਤ ਕੀਤਾ ਗਿਆ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਕਿ ਡੀ.ਏ.ਵੀ. ਯੂਨੀਵਰਸਿਟੀ ਵੱਲੋਂ ਪਾਠਕ੍ਰਮ ਤਿਆਰ ਕਰਦੇ ਸਮੇਂ ਉਦਯੋਗ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ । ਮੰਤਰੀ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਬਿਹਤਰ ਪਲੇਸਮੈਂਟ ਲਈ ਰਾਹ ਪੱਧਰਾ ਹੁੰਦਾ ਹੈ।

ਟੀਵੀ ਪੰਜਾਬ ਬਿਊਰੋ