ਭਿਆਨਕ ਸੋਕੇ ਦਾ ਸਾਹਮਣਾ ਕਰ ਰਿਹੈ ਬਿ੍ਰਟਿਸ਼ ਕੋਲੰਬੀਆ

Victoria– ਬਿ੍ਰਟਿਸ਼ ਕੋਲੰਬੀਆ ’ਚ ਇਸ ਵਾਰ ਗਰਮੀ ਨੇ ਵੱਟ ਕੱਢੇ ਹੋਏ ਹਨ, ਜਿਸ ਕਾਰਨ ਸੂਬਾ ਇਸ ਸਮੇਂ ਭਿਆਨਕ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਐਮਰਜੈਂਸੀ ਮੈਨਜਮੈਂਟ ਅਤੇ ਕਲਾਈਮੇਟ ਰੈਡੀਨੈੱਸ ਮੰਤਰਾਲੇ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਸੰਬੰਧੀ ਰਿਵਰ ਫੋਰਕਾਸਟ ਸੈਂਟਰ ਦੇ ਅਧਿਕਾਰੀ ਡੇਵਿਡ ਕੈਂਪਬੈੱਲ ਨੇ ਦੱਸਿਆ ਕਿ ਸੂਬੇ ਦੇ ਕਈ ਇਲਾਕਿਆਂ ’ਚ 100 ਤੋਂ 250 ਮਿਲੀਮੀਟਰ ਤੱਕ ਮੀਂਹ ਦੀ ਕਮੀ ਹੈ ਅਤੇ ਇੱਥੇ ਹਾਲਾਤ ਬਿਹਤਰ ਕਰਨ ਲਈ ਸਾਨੂੰ ਆਮ ਨਾਲੋਂ ਵੱਧ ਮੀਂਹ ਦੇ ਮਹੀਨਿਆਂ ਦੀ ਲੋੜ ਹੈ। ਸੂਬਾ ਸਰਕਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 6 ਪੱਧਰੀ ਸੋਕਾ ਪ੍ਰਣਾਲੀ ਤਹਿਤ ਸੂਬੇ ਦਾ ਲਗਭਗ ਇਕ ਚੌਥਾਈ ਹਿੱਸਾ ਲੈਵਲ 5 ’ਤੇ ਹੈ।
ਇੰਨਾ ਹੀ ਨਹੀਂ ਬਿ੍ਰਟਿਸ਼ ਕੋਲੰਬੀਆ ਦੇ ਕਈ ਹਿੱਸੇ ਇਸ ਸਮੇਂ ਭਿਆਨਕ ਅੱਗ ਦੀ ਲਪੇਟ ’ਚ ਵੀ ਹਨ। ਇਸ ਬਾਰੇ ’ਚ ਜਾਣਕਾਰੀ ਦਿੰਦਿਆਂ ਬੀ. ਸੀ. ਵਾਇਲਡ ਫਾਇਰ ਸਰਵਿਸ ਦੇ ਅਧਿਕਾਰੀ ਕਲਿੱਫ ਚੈਪਮੈਨ ਨੇ ਦੱਸਿਆ ਕਿ ਅੱਜ ਵੀਰਵਾਰ ਦੁਪਹਿਰ ਤੱਕ ਸੂਬੇ ’ਚ ਲਗਭਗ 380 ਥਾਵਾਂ ’ਤੇ ਅੱਗ ਲੱਗੀ ਹੋਈ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਹੋਰ ਥਾਵਾਂ ’ਤੇ ਵੀ ਅੱਗ ਭੜਕ ਸਕਦੀ ਹੈ। ਚੈਪਮੈਨ ਨੇ ਅੱਗੇ ਦੱਸਿਆ ਕਿ ਇਨ੍ਹਾਂ ’ਚ ਵਧੇਰੇ ਥਾਵਾਂ ’ਤੇ ਅੱਗ ਆਮ ਲੋਕਾਂ ਵਲੋਂ ਲਗਾਈ ਗਈ ਹੈ, ਜੋ ਕਿ ਬਾਹਰ ਪੱਧਰੀਆਂ ਥਾਵਾਂ ’ਤੇ ਘੁੰਮਣ ਜਾਂ ਕੈਂਪਿੰਗ ਕਰਨ ਲਈ ਜਾਂਦੇ ਹਨ।