Washington – ਜਲਵਾਯੂ ਲਈ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜਾਨ ਕੈਰੀ ਅੱਜ ਪੰਜ ਦਿਨਾਂ ਦੌਰੇ ’ਤੇ ਭਾਰਤ ਆਉਣਗੇ। 25 ਤੋਂ 29 ਜੁਲਾਈ ਤੱਕ ਆਪਣੀ ਇਸ ਯਾਤਰਾ ਦੌਰਾਨ ਉਹ ਦਿੱਲੀ ਅਤੇ ਚੇਨਈ ਦਾ ਦੌਰਾ ਕਰਨਗੇ। ਚੇਨਈ ਦੀ ਆਪਣੀ ਯਾਤਰਾ ਦੌਰਾਨ ਕੈਰੀ ਜੀ-20 ਦੇ ਵਾਤਾਵਰਣ ਅਤੇ ਜਲਵਾਯੂ ਸਥਿਰਤਾ ਮੰਤਰੀਆਂ ਦੀ ਬੈਠਕ ’ਚ ਸ਼ਾਮਿਲ ਹੋਣਗੇ। ਭਾਰਤ ਦੀ ਯਾਤਰਾ ਦੌਰਾਨ ਕੈਰੀ ਦਿੱਲੀ ’ਚ ਸੀਨੀਅਰ ਅਧਿਕਾਰੀਆਂ ਨਾਲ ਜਲਵਾਯੂ ਅਤੇ ਸਵੱਛ ਊਰਜਾ ’ਤੇ ਚਰਚਾ ਕਰਨਗੇ। ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਬਿਆਨ ਮੁਤਾਬਕ ਕੈਰੀ ਦੀ ਭਾਰਤ ਯਾਤਰਾ ਜਲਵਾਯੂ ਅਤੇ ਸਵੱਛ ਊਰਜਾ ’ਤੇ ਸਾਂਝੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਹੈ। ਦੱਸਣਯੋਗ ਹੈ ਕਿ ਕੈਰੀ ਦੀ ਭਾਰਤ ਯਾਤਰਾ ਅਜਿਹੇ ਸਮੇਂ ’ਤੇ ਹੋਣ ਜਾ ਰਹੀ ਹੈ, ਜਦੋਂ ਨਵੀਂ ਦਿੱਲੀ ਸਥਾਈ ਊਰਜਾ ’ਤੇ ਵਧੇਰੇ ਧਿਆਨ ਕੇਂਦਰਿਤ ਕਰ ਰਿਹਾ ਹੈ।