ਈ.ਡੀ ਦੀ ਰਡਾਰ ‘ਚ ਆਇਆ ਪੰਜਾਬ ਦਾ ਇਹ ਸਾਬਕਾ ਕਾਂਗਰਸੀ ਮੰਤਰੀ

ਡੈਸਕ- ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪਾ ਮਾਰਿਆ ਹੈ। ਈਡੀ ਦੀ ਟੀਮ ਸਵੇਰੇ ਲੁਧਿਆਣਾ ਦੀ ਕੋਚਰ ਮਾਰਕੀਟ ਨੇੜੇ ਸਾਬਕਾ ਮੰਤਰੀ ਆਸ਼ੂ ਦੇ ਘਰ ਪਹੁੰਚੀ। ਇਸ ਤੋਂ ਇਲਾਵਾ ਖੁਰਾਕ ਤੇ ਸਪਲਾਈ ਵਿਭਾਗ ਦੇ ਕਈ ਅਧਿਕਾਰੀਆਂ ਦੇ ਘਰ ਵੀ ਜਾਂਚ ਚੱਲ ਰਹੀ ਹੈ।

ਫਿਲਹਾਲ ਇਸ ਮਾਮਲੇ ਦੇ ਸਬੰਧ ਵਿੱਚ ਈਡੀ ਦੀ ਟੀਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜਦਕਿ ਸਾਬਕਾ ਮੰਤਰੀ ਆਸ਼ੂ ਦੇ ਘਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਭੂਸ਼ਣ ਆਸ਼ੂ ਕਾਂਗਰਸ ਸਰਕਾਰ ਵਿੱਚ ਖੁਰਾਕ ਤੇ ਸਪਲਾਈ ਮੰਤਰੀ ਸਨ। ਉਸ ਦੌਰਾਨ ਆਸ਼ੂ ‘ਤੇ ਅਨਾਜ ਦੀ ਢੋਆ-ਢੁਆਈ ਸਮੇਤ ਕਈ ਹੋਰ ਘਪਲੇ ਕਰਨ ਦੇ ਦੋਸ਼ ਲੱਗੇ ਸਨ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਆਸ਼ੂ ਖ਼ਿਲਾਫ਼ ਲੁਧਿਆਣਾ ਸਮੇਤ ਹੋਰ ਥਾਵਾਂ ’ਤੇ ਕੇਸ ਦਰਜ ਕੀਤੇ ਹਨ। ਇਸ ਕਾਰਨ ਆਸ਼ੂ ਨੂੰ ਕਈ ਮਹੀਨੇ ਜੇਲ੍ਹ ਕੱਟਣੀ ਪਈ ਤੇ ਹੁਣ ਉਹ ਜ਼ਮਾਨਤ ‘ਤੇ ਬਾਹਰ ਹੈ। ਈਡੀ ਨੇ ਵਿਜੀਲੈਂਸ ਤੋਂ ਅਨਾਜ ਘੁਟਾਲੇ ਦੇ ਦਰਸਤਾਵੇਜ ਲਏ ਸਨ। ਇਸ ਤੋਂ ਬਾਅਦ ਜਾਂਚ ਪ੍ਰਕਿਰਿਆ ਦੇ ਹਿੱਸੇ ਵਜੋਂ ਅੱਜ ਛਾਪੇਮਾਰੀ ਕੀਤੀ ਗਈ ਹੈ। ਫਿਲਹਾਲ ਈਡੀ ਦੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ।

ਹਾਸਲ ਜਾਣਕਾਰੀ ਮੁਤਾਬਕ ਭਾਰਤ ਭੂਸ਼ਨ ਆਸ਼ੂ ਤੋਂ ਇਲਾਵਾ ਇੰਪਰੂਮੈਂਟ ਟਰੱਸਟ ਦੇ ਸਾਬਾਕਾ ਚੇਅਰਮੈਨ ਤੇ ਪੀਏ ਮਨੂੰ ਮਲਹੋਤਰਾ, ਅਨਿਲ ਜੈਨ, ਆੜ੍ਹਤੀ ਕ੍ਰਿਸ਼ਨ ਲਾਲ ਧੋਤੀ ਵਾਲਾ ਤੇ ਤੇਲੂ ਰਾਮ ਠੇਕੇਦਾਰ ਆਦਿ ਦੇ ਘਰ ਵੀ ਰੇਡ ਕੀਤੀ ਗਈ ਹੈ।