Washington- ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸੇ ਵਿਚਾਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਕੁਝ ਅਮਰੀਕੀ ਉਤਪਾਦਾਂ ਖ਼ਾਸ ਕਰਕੇ ਹਾਰਲੇ-ਡੇਵਿਡਸਨ ਮੋਟਰਸਾਈਕਲਾਂ ’ਤੇ ਭਾਰਤ ’ਚ ਉੱਚ ਟੈਕਸਾਂ ਦਾ ਮੁੱਦਾ ਚੁੱਕਿਆ ਹੈ ਅਤੇ ਧਮਕੀ ਦਿੱਤੀ ਹੈ ਕਿ ਜੇਕਰ ਉਹ ਮੁੜ ਸੱਤਾ ’ਚ ਆਏ ਤਾਂ ਦੇਸ਼ ’ਚ ਇਸੇ ਤਰ੍ਹਾਂ ਦੇ ਟੈਕਸ ਲਗਾਏ ਜਾਣਗੇ।
ਅਮਰੀਕੀ ਰਾਸ਼ਟਰਪਤੀ ਦੇ ਤੌਰ ’ਤੇ ਆਪਣੇ ਕਾਰਜਕਾਲ ਦੌਰਾਨ ਟਰੰਪ ਨੇ ਟਰੰਪ ਨੇ ਭਾਰਤ ਨੂੰ ‘ਟੈਕਸਿੰਗ ਕਿੰਗ’ ਦੱਸਿਆ ਸੀ ਅਤੇ ਮਈ 2019 ’ਚ ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸ (ਜੀਐਸਪੀ) ਨੂੰ ਖਤਮ ਕਰ ਦਿੱਤਾ ਸੀ ਜੋ ਅਮਰੀਕੀ ਬਾਜ਼ਾਰ ’ਚ ਭਾਰਤ ਨੂੰ ਤਰਜੀਹੀ ਦਿੰਦਾ ਸੀ।
ਟਰੰਪ (77) ਨੇ ਦੋਸ਼ ਲਾਇਆ ਸੀ ਕਿ ਭਾਰਤ ਨੇ ਅਮਰੀਕਾ ਨੂੰ ‘ਆਪਣੇ ਬਾਜ਼ਾਰਾਂ ਤੱਕ ਬਰਾਬਰ ਅਤੇ ਨਿਰਪੱਖ ਪਹੁੰਚ’ ਨਹੀਂ ਦਿੱਤੀ ਹੈ। ‘ਫਾਕਸ ਬਿਜ਼ਨਸ ਨਿਊਜ਼’ ਦੇ ਲੈਰੀ ਕੁਡਲੋ ਨੂੰ ਦਿੱਤੇ ਇੰਟਰਵਿਊ ’ਚ ਟਰੰਪ ਨੇ ਭਾਰਤ ਦੀਆਂ ਟੈਕਸ ਦਰਾਂ ’ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਨੂੰ ਬਹੁਤ ਜ਼ਿਆਦਾ ਦੱਸਿਆ। ਸਾਬਕਾ ਰਾਸ਼ਟਰਪਤੀ ਨੇ ਕਿਹਾ, ”ਦੂਜੀ ਚੀਜ਼ ਜੋ ਮੈਂ ਚਾਹੁੰਦਾ ਹਾਂ ਉਹ ਇਕਸਾਰ ਟੈਕਸ ਹੈ…ਭਾਰਤ ਉੱਚ ਟੈਕਸ ਵਸੂਲਦਾ ਹੈ। ਮੈਂ ਇਸਨੂੰ ਹਾਰਲੇ-ਡੇਵਿਡਸਨ (ਮੋਟਰਸਾਈਕਲ) ਨਾਲ ਦੇਖਿਆ। ਮੈਂ ਇਹ ਵੀ ਕਿਹਾ ਕਿ ਤੁਸੀਂ ਭਾਰਤ ਵਰਗੇ ਦੇਸ਼ ’ਚ ਕਿਵੇਂ ਹੋ? ਉਹ 100 ਫੀਸਦੀ, 150 ਫੀਸਦੀ ਅਤੇ 200 ਫੀਸਦੀ ਟੈਕਸ ਲਗਾਉਂਦੇ ਹਨ।”
ਟਰੰਪ ਨੇ ਕਿਹਾ, ”ਮੈਂ ਬੱਸ ਇਹੀ ਚਾਹੁੰਦਾ ਹਾਂ… ਜੇਕਰ ਭਾਰਤ ਸਾਡੇ ’ਤੇ ਟੈਕਸ ਲਗਾ ਰਿਹਾ ਹੈ ਤਾਂ ਸਾਨੂੰ ਉਨ੍ਹਾਂ ’ਤੇ ਵੀ ਟੈਕਸ ਲਗਾਉਣਾ ਚਾਹੀਦਾ ਹੈ।” ਉਨ੍ਹਾਂ ਨੇ ਭਾਰਤ ਦੇ ਨਾਲ-ਨਾਲ ਬ੍ਰਾਜ਼ੀਲ ’ਚ ਟੈਕਸ ਪ੍ਰਣਾਲੀ ’ਤੇ ਸਵਾਲ ਉਠਾਏ। ਟਰੰਪ ਨੇ 2024 ’ਚ ਰਾਸ਼ਟਰਪਤੀ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਬੁੱਧਵਾਰ ਨੂੰ ਹੋਣ ਵਾਲੀ ਰੀਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਪਹਿਲੀ ਪ੍ਰਾਇਮਰੀ ਬਹਿਸ ’ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਰੀਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਲਈ ਬੁੱਧਵਾਰ ਨੂੰ ਹੋਣ ਵਾਲੀ ਪਹਿਲੀ ਪ੍ਰਾਇਮਰੀ ਬਹਿਸ ’ਚ ਹਿੱਸਾ ਨਹੀਂ ਲੈਣਗੇ।
ਟਰੰਪ ਨੇ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ ’ਤੇ ਲਿਖਿਆ, ‘‘ਜਨਤਾ ਜਾਣਦੀ ਹੈ ਕਿ ਮੈਂ ਕੌਣ ਹਾਂ, ਮੇਰਾ ਰਾਸ਼ਟਰਪਤੀ ਕਾਰਜਕਾਲ ਕਿੰਨਾ ਸਫਲ ਰਿਹਾ ਹੈ। ਇਸ ਲਈ ਮੈਂ ਬਹਿਸ ਨਹੀਂ ਕਰਾਂਗਾ।’’ ਹਾਲਾਂਕਿ ਸਾਬਕਾ ਰਾਸ਼ਟਰਪਤੀ ਦੇ ਬੁਲਾਰੇ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਉਹ ਹਰ ਪ੍ਰਾਇਮਰੀ ਬਹਿਸ ਦਾ ਬਾਈਕਾਟ ਕਰਨ ਦੀ ਯੋਜਨਾ ਬਣਾ ਰਹੇ ਹਨ ਜਾਂ ਕੀ ਉਹ ਇਸ ਬਹਿਸ ਨੂੰ ਛੱਡ ਦੇਣਗੇ। ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਐਤਵਾਰ ਨੂੰ ਕਿਹਾ ਕਿ ਟਰੰਪ ਅਤੇ ਉਨ੍ਹਾਂ ਦੀ ਟੀਮ ਨੇ ਰੀਪਬਲਿਕਨ ਨੈਸ਼ਨਲ ਕਮੇਟੀ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਦੀ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦੌਰਾਨ ਟਰੰਪ ਦੇ ਵਿਰੋਧੀਆਂ ਨੇ ਬਹਿਸ ’ਚ ਹਿੱਸਾ ਨਾ ਲੈਣ ’ਤੇ ਉਨ੍ਹਾਂ ’ਤੇ ਨਿਸ਼ਾਨਾ ਸਾਧਿਆ ਹੈ।