ਡੈਸਕ- ਪੰਜਾਬ ਪੁਲਿਸ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇੰਨਫਲੂਏਸਰ ਅਰਚਨਾ ਮਕਵਾਨਾ ਨੂੰ ਨੋਟਿਸ ਭੇਜਿਆ ਹੈ। ਇਸ ਦੇ ਨਾਲ ਹੀ ਮਕਵਾਣਾ ਨੇ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਹੋਰ ਵੀਡੀਓ ਪੋਸਟ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਫਆਈਆਰ ਵਾਪਸ ਲੈਣ ਦੀ ਸਲਾਹ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਅਜਿਹਾ ਨਹੀਂ ਕਰਦੀ ਤਾਂ ਉਸਦੀ ਕਾਨੂੰਨੀ ਟੀਮ ਹੁਣ ਜਵਾਬ ਦੇਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਅਰਚਨਾ ਮਕਵਾਣਾ ਨੂੰ ਨੋਟਿਸ ਵਿੱਚ ਉਸ ਨੂੰ 30 ਜੂਨ ਨੂੰ ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਵਿੱਚ ਆ ਕੇ ਆਪਣਾ ਜਵਾਬ ਦਾਇਰ ਕਰਨਾ ਹੋਵੇਗਾ। ਥਾਣਾ ਈ-ਡਵੀਜ਼ਨ ਵਿੱਚ ਹੀ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਤੇ ਮਕਵਾਣਾ ਖ਼ਿਲਾਫ਼ 295-ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮਕਵਾਣਾ ਮੁਆਫੀ ਮੰਗਣ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਨਾਲ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ।
ਅਰਚਨਾ ਮਕਵਾਣਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਦਰਜ ਕਰਵਾਈ ਗਈ FIR ਨੂੰ ਬੇਲੋੜਾ ਅਤੇ ਬੇਕਾਰ ਦੱਸਿਆ ਹੈ। ਉਸ ਨੇ ਕਿਹਾ ਕਿ ਜਿੱਥੇ ਉਸਨੇ ਫੋਟੋ ਖਿਚਵਾਈ ਉੱਥੇ ਸੈਂਕੜੇ ਹੀ ਸਿੱਖ ਮੌਜੂਦ ਸਨ। ਜਿਸ ਵਿਅਕਤੀ ਨੇ ਉਸਦੀ ਫੋਟੋ ਖਿੱਚੀ ਉਹ ਵੀ ਇੱਕ ਸਰਦਾਰ ਸੀ। ਇਸ ਤੋਂ ਬਾਅਦ ਮਕਵਾਣਾ ਨੇ ਕਿਹਾ ਕਿ ਜੋ ਮੌਕੇ ਤੇ ਮੌਜੂਦ ਸੇਵਾਦਾਰ ਸਨ ਉਹ ਵੀ ਪੱਖਪਾਤ ਕਰ ਰਹੇ ਹਨ। ਉਹ ਕਿਸੇ ਨੂੰ ਫੋਟੋ ਖਿੱਚਣ ਦਿੰਦੇ ਅਤੇ ਕਿਸੇ ਨੂੰ ਮਨਾਂ ਕਰ ਦਿੰਦੇ।
ਵੀਡੀਓ ਵਿੱਚ ਅਰਚਨਾ ਕਹਿੰਦੀ ਹੈ ਕਿ ਜਦੋਂ ਰੋਜ਼ ਦਰਬਾਰ ਸਾਹਿਬ ਆਉਣ ਵਾਲੇ ਲੋਕਾਂ ਨੂੰ ਨਿਯਮਾਂ ਬਾਰੇ ਨਹੀਂ ਪਤਾ ਤਾਂ ਪਹਿਲੀ ਵਾਰ ਗੁਜਰਾਤ ਤੋਂ ਪੰਜਾਬ ਆਈ ਕੁੜੀ ਨੂੰ ਉਹਨਾਂ ਬਾਰੇ ਕਿਵੇਂ ਪਤਾ ਹੋਵੇਗਾ। ਅੱਗੇ ਅਰਚਨਾ ਨੇ ਕਿਹਾ ਕਿ ਜਦੋਂ ਉਹ ਫੋਟੋ ਖਿੱਚ ਰਹੀ ਸੀ ਉਸ ਸਮੇਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੀ। ਅਰਚਨਾ ਨੇ ਕਿਹਾ ਕਿ ਉਸਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ ਅਤੇ ਨਾ ਉਹ ਮੁਆਫ਼ੀ ਮੰਗੇਗੀ।